ਦੂਜਿਆਂ ਦੇ ਘਰਾਂ ''ਚ ਕੰਮ ਕਰਨ ਵਾਲੀ ਮਾਂ ਅਤੇ ਦਰਜ਼ੀ ਪਿਤਾ ਦੀ ਧੀ 12ਵੀਂ ''ਚ ਆਈ ਅੱਵਲ
Sunday, Jul 19, 2020 - 02:54 PM (IST)
ਜਮਸ਼ੇਦਪੁਰ- ਝਾਰਖੰਡ ਦੇ ਜਮਸ਼ੇਦਪੁਰ ਵਿਮੈਨਜ਼ ਕਾਲੇਜ ਦੀ ਵਿਦਿਆਰਥਣ ਨੰਦਿਤਾ ਹਰਿਪਾਲ ਜਮਾਤ 12ਵੀਂ ਦੀ ਇੰਟਰ ਆਰਟਸ ਦੀ ਪ੍ਰੀਖਿਆ 'ਚ ਅੱਵਲ ਆਈ ਹੈ। ਉਸ ਨੇ ਕੁੱਲ 83.8 ਫੀਸਦੀ ਅੰਕ ਹਾਸਲ ਕੀਤੇ ਹਨ। ਨੰਦਿਤਾ ਦੇ ਪਿਤਾ ਰਾਜੇਸ਼ ਹਰਿਪਾਲ ਇਕ ਟੇਲਰ (ਦਰਜ਼ੀ) ਹਨ, ਜਦੋਂ ਕਿ ਮਾਂ ਰਸ਼ਮੀ ਹਰਿਪਾਲ ਦੂਜਿਆਂ ਦੇ ਘਰਾਂ 'ਚ ਸਹਾਇਕਾ ਦਾ ਕੰਮ ਕਰਦੀ ਹੈ। ਪਰਿਵਾਰ ਕਦਮਾ ਭਾਟੀਆ ਬਸਤੀ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ।
ਸਫ਼ਲ ਪੱਤਰਕਾਰ ਬਣਨਾ ਹੈ ਸੁਫ਼ਨਾ
ਅੱਵਲ ਆਉਣ ਤੋਂ ਬਾਅਦ ਨੰਦਿਤਾ ਨੇ ਕਿਹਾ,''ਜਦੋਂ ਮੈਂ ਇਹ ਖਬਰ ਸੁਣੀ ਤਾਂ ਹੈਰਾਨ ਰਹਿ ਗਈ। ਮੈਨੂੰ ਉਮੀਦ ਨਹੀਂ ਸੀ ਕਿ ਮੈਂ ਪ੍ਰੀਖਿਆ 'ਚ ਅੱਵਲ ਆਵਾਂਗੀ। ਮੈਂ ਇਕ ਪੱਤਰਕਾਰ ਬਣਨਾ ਚਾਹੁੰਦੀ ਹਾਂ।'' ਨੰਦਿਤਾ ਦੇ ਪਿਤਾ ਦਾ ਕਹਿਣਾ ਹੈ ਕਿ ਬੱਚਿਆਂ 'ਤੇ ਕਦੇ ਵੀ ਪੜ੍ਹਾਈ ਦਾ ਬੋਝ ਨਹੀਂ ਪਾਉਣਾ ਚਾਹੀਦਾ, ਉਨ੍ਹਾਂ ਨੂੰ ਸਪੋਰਟ ਕਰਨਾ ਚਾਹੀਦਾ।
4 ਘੰਟੇ ਪੜ੍ਹਦੀ ਸੀ
ਨੰਦਿਤਾ ਨੇ ਦੱਸਿਆ ਕਿ ਪੜ੍ਹਾਈ ਨੂੰ ਲੈ ਕੇ ਇਕ ਰੂਟੀਨ ਤਿਆਰ ਕੀਤੀ ਸੀ। ਅਜਿਹਾ ਨਹੀਂ ਕਿ ਰਾਤ-ਰਾਤ ਭਰ ਜਾਗ਼ ਕੇ ਪੜ੍ਹਾਈ ਕਰਨੀ ਹੈ ਪਰ ਇਹ ਤੈਅ ਸੀ ਕਿ ਕੁਝ ਵੀ ਹੋ ਜਾਵੇ, ਪੜ੍ਹਾਈ ਨੂੰ ਰੋਕਣਾ ਨਹੀਂ ਹੈ। 4 ਘੰਟੇ ਪੜ੍ਹਦੀ ਸੀ। ਨੰਦਿਤਾ ਕਹਿੰਦੀ ਹੈ ਕਿ ਉਸ ਦਾ ਸੁਫ਼ਨਾ ਸਫ਼ਲ ਪੱਤਰਕਾਰ ਬਣਨਾ ਹੈ। ਇਸੇ ਕਾਰਨ 12ਵੀਂ ਦੀ ਪੜ੍ਹਾਈ 'ਚ ਆਰਟਸ ਦੀ ਚੋਣ ਕੀਤੀ। ਹੁਣ ਅੱਗੇ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰਾਂਗੀ।
ਜਦੋਂ ਜ਼ਿੰਦਗੀ 'ਚ ਕੁਝ ਬਣ ਜਾਵਾਂਗੀ ਤਾਂ ਸਾਰੇ ਸ਼ੌਂਕ ਪੂਰੇ ਕਰਾਂਗੀ
ਨੰਦਿਤਾ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਰਹੀ ਕਿ ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਕਰ ਸਕਣ। ਕਈ ਵਾਰ ਫੀਸ ਦੇਣ 'ਚ ਵੀ ਪਰੇਸ਼ਾਨੀ ਹੋ ਜਾਂਦੀ ਸੀ। ਜਿਸ ਨੂੰ ਦੂਰ ਕਰਨ ਲਈ ਉਹ ਖੁਦ ਟਿਊਸ਼ਨ ਪੜ੍ਹਾਉਣ ਲੱਗੀ। ਨੰਦਿਤਾ ਦਾ ਕਹਿਣਾ ਹੈ ਕਿ ਉਹ ਜਦੋਂ ਜ਼ਿੰਦਗੀ 'ਚ ਕੁਝ ਬਣ ਜਾਵੇਗੀ, ਉਦੋਂ ਸਾਰੇ ਸ਼ੌਂਕ ਪੂਰੇ ਕਰੇਗੀ। ਨੰਦਿਤਾ ਨੇ ਦੱਸਿਆ ਕਿ ਉਸ ਦੀ ਮਾਂ ਕਈ ਘਰਾਂ 'ਚ ਮੇਡ ਦਾ ਕੰਮ ਕਰਦੀ ਹੈ। ਮਾਂ ਪੈਸਿਆਂ ਲਈ ਬਾਹਰ ਕੰਮ ਕਰ ਸਕੇ, ਇਸ ਲਈ ਉਹ ਘਰ ਦਾ ਕੰਮ ਪੂਰਾ ਕਰਦੀ ਹੈ।