ਝਾਰਖੰਡ ''ਚ ਨਕਸਲੀਆਂ ਨੇ 11 ਵਾਹਨ ਫੂਕੇ
Wednesday, Jun 03, 2020 - 12:36 PM (IST)

ਲੋਹਰਦਗਾ- ਝਾਰਖੰਡ 'ਚ ਲੋਹਰਦਗਾ ਜ਼ਿਲ੍ਹੇ ਦੇ ਕਿਸਕੋ ਥਾਣਾ ਖੇਤਰ 'ਚ ਨਕਸਲੀਆਂ ਨੇ ਮੰਗਲਵਾਰ ਨੂੰ ਇਕ ਬਾਕਸਾਈਟ ਮਾਇੰਸ 'ਤੇ ਹਮਲਾ ਕਰ ਕੇ 11 ਵਾਹਨਾਂ 'ਚ ਅੱਗ ਲਗਾ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੋਖਰ ਪਿੰਡ ਨੇੜੇ ਬੀਕੇਬੀ ਕੰਪਨੀ ਅਤੇ ਬਾਲਾਜੀ ਕੰਪਨੀ ਦੇ ਕਈ ਵਾਹਨ ਲੱਗੇ ਹੋਏ ਸਨ ਅਤੇ ਬਾਕਸਾਈਟ ਖਨਨ ਦਾ ਕੰਮ ਜਾਰੀ ਸੀ। ਇਸ ਕ੍ਰਮ 'ਚ ਦੇਰ ਰਾਤ ਕਰੀਬ 50 ਦੀ ਗਿਣਤੀ 'ਚ ਹਥਿਆਰਬੰਦ ਨਕਸਲੀ ਪਹੁੰਚੇ ਅਤੇ ਉੱਥੇ ਮੌਜੂਦ ਚਾਲਕਾਂ, ਸਹਿ ਚਾਲਕਾਂ ਸਮੇਤ ਹੋਰ ਕਰਮਚਾਰੀਆਂ ਨੂੰ ਦੌੜਾ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਨਕਸਲੀਆਂ ਨੇ ਵਾਹਨਾਂ ਤੋਂ ਡੀਜ਼ਲ ਕੱਢ ਕੇ 9 ਵੋਲਵੇ ਪਾਕਲੇਨ ਅਤੇ 2 ਕੰਪ੍ਰੇਸਰ ਡਰਿੱਲ ਮਸ਼ੀਨ 'ਤੇ ਡੀਜ਼ਲ ਸੁੱਟ ਕੇ ਅੱਗ ਲਗਾ ਦਿੱਤੀ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀ ਆਪਣੇ ਸੰਗਠਨ ਦੇ ਸਮਰਥਨ 'ਚ ਨਾਅਰੇਬਾਜ਼ੀ ਕਰਦੇ ਹੋਏ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਉੱਥੇ ਹੀ ਘਟਨਾ ਤੋਂ ਬਾਅਦ ਪਿੰਡ ਵਾਲਿਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ।