ਇਸ ਸੂਬੇ ''ਚ ਲਾਕਡਾਊਨ 10 ਜੂਨ ਤੱਕ ਵਧਿਆ, ਲੋਕਾਂ ਨੂੰ ਈ-ਪਾਸ ਤੋਂ ਮਿਲੀ ਰਾਹਤ

Wednesday, Jun 02, 2021 - 12:56 AM (IST)

ਇਸ ਸੂਬੇ ''ਚ ਲਾਕਡਾਊਨ 10 ਜੂਨ ਤੱਕ ਵਧਿਆ, ਲੋਕਾਂ ਨੂੰ ਈ-ਪਾਸ ਤੋਂ ਮਿਲੀ ਰਾਹਤ

ਰਾਂਚੀ - ਝਾਰਖੰਡ ਵਿੱਚ ਚੱਲ ਰਹੇ ਸਿਹਤ ਸੁਰੱਖਿਆ ਹਫ਼ਤੇ ਦੌਰਾਨ ਰਾਹਤ ਮਿਲਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਵਿੱਚ ਮੰਗਲਵਾਰ ਨੂੰ ਆਫਤ ਪ੍ਰਬੰਧਨ ਵਿਭਾਗ ਨਾਲ ਹੋਈ ਉੱਚ ਪੱਧਰੀ ਬੈਠਕ ਵਿੱਚ ਅਗਲੀ 10 ਜੂਨ ਤੱਕ ਥੋੜ੍ਹੀ ਰਾਹਤ ਦੇ ਨਾਲ ਲਾਕਡਾਊਨ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਮੌਜੂਦਾ ਪਾਬੰਦੀਆਂ ਜਾਰੀ ਰਹਿਣਗੀਆਂ। ਰਾਂਚੀ, ਧਨਬਾਦ, ਬੋਕਾਰੋ, ਜਮਸ਼ੇਦਪੁਰ, ਦੇਵਘਰ, ਗੁਮਲਾ, ਗੜਵਾ, ਹਜਾਰੀਬਾਗ ਅਤੇ ਰਾਮਗੜ੍ਹ ਜ਼ਿਲ੍ਹੇ ਨੂੰ ਛੱਡਕੇ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਕੱਪੜੇ, ਜੁੱਤੇ, ਗਹਿਣੇ ਅਤੇ ਸ਼ਿੰਗਾਰ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ। 

ਹਾਲਾਂਕਿ, ਦੁਪਹਿਰ 2 ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਦੀ ਆਗਿਆ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਅੰਦਰ ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਜਾਣ ਲਈ ਈ-ਪਾਸ ਲਾਜ਼ਮੀ ਨਹੀਂ ਹੈ। ਅੰਤਰ-ਜ਼ਿਲ੍ਹਾ ਅਤੇ ਅੰਤਰ-ਰਾਜ ਟਰਾਂਸਪੋਰਟ ਲਈ ਈ-ਪਾਸ ਪਹਿਲਾਂ ਦੀ ਤਰ੍ਹਾਂ ਲਾਜ਼ਮੀ ਰਹੇਗਾ। ਇਸ ਤੋਂ ਇਲਾਵਾ ਪਹਿਲਾਂ ਤੋਂ ਜਿਹੜੀਆਂ ਪਾਬੰਦੀਆਂ ਚੱਲੀਆਂ ਆ ਰਹੀਆਂ ਹਨ, ਉਹ ਅੱਗੇ ਵੀ ਜਾਰੀ ਰਹਿਣਗੀਆਂ। ਧਾਰਮਿਕ ਥਾਂ, ਸਕੂਲ-ਕਾਲਜ, ਰੇਸਟੋਰੈਂਟ ਅਤੇ ਹੋਟਲ ਬੰਦ ਰਹਿਣਗੇ। ਸੱਤ ਦਿਨਾਂ ਬਾਅਦ ਸੂਬਾ ਸਰਕਾਰ ਫਿਰ ਸਮੀਖਿਆ ਕਰੇਗੀ, ਜਿਸ ਤੋਂ ਬਾਅਦ ਲਾਕਡਾਊਨ ਵਧਾਉਣ ਜਾਂ ਅਨਲੌਕ 'ਤੇ ਫ਼ੈਸਲਾ ਲਿਆ ਜਾਵੇਗਾ। 

ਸੂਬੇ ਦੇ ਜਿਨ੍ਹਾਂ 9 ਜ਼ਿਲ੍ਹਿਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੁੱਟ ਨਹੀਂ ਦਿੱਤੀ ਗਈ ਹੈ, ਉਸ ਦੇ ਪਿੱਛੇ ਦਲੀਲ ਦਿੱਤੀ ਗਈ ਹੈ ਕਿ ਉੱਥੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਇਨਫੈਕਸ਼ਨ ਦਰ ਜ਼ਿਆਦਾ ਹੋਣ ਦੇ ਚੱਲਦੇ ਹੁਣ ਇਨ੍ਹਾਂ 9 ਜ਼ਿਲ੍ਹਿਆਂ ਵਿੱਚ ਕੱਪੜਾ, ਜੁੱਤੇ, ਸ਼ਿੰਗਾਰ ਅਤੇ ਗਹਿਣੇ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਵਿਆਹ ਤੋਂ ਲੈ ਕੇ ਅੰਤਿਮ ਸੰਸਕਾਰ ਤੱਕ ਦੇ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਹਾਜ਼ਰੀ ਨੂੰ ਲੈ ਕੇ ਪਹਿਲਾਂ ਤੋਂ ਨਿਰਧਾਰਤ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News