ਝਾਰਖੰਡ ਦੇ 41 ਵਿਧਾਇਕਾਂ ਵਿਰੁੱਧ ਗੰਭੀਰ ਅਪਰਾਧਕ ਮਾਮਲੇ ਦਰਜ

12/25/2019 12:52:42 PM

ਰਾਂਚੀ— ਝਾਰਖੰਡ ਦੀ ਨਵੀਂ ਵਿਧਾਨ ਸਭਾ 'ਚ ਅੱਧੇ ਵਿਧਾਇਕਾਂ ਵਿਰੁੱਧ ਅਪਰਾਧਕ ਮੁਕੱਦਮੇ ਦਰਜ ਹਨ। ਚੋਣ ਕਮਿਸ਼ਨ ਨੂੰ ਦਿੱਤੇ ਗਏ ਸਹੁੰ ਪੱਤਰ ਦੇ ਹਿਸਾਬ ਨਾਲ ਰਾਜ ਦੀਆਂ ਨਵੀਂ ਚੁਣੀ ਵਿਧਾਨ ਸਭਾ 'ਚ ਇਸ ਵਾਰ 81 'ਚੋਂ 41 ਵਿਧਾਇਕਾਂ ਵਿਰੁੱਧ ਅਪਰਾਧਕ ਮੁਕੱਦਮੇ ਦਰਜ ਹਨ। ਜੇਕਰ 2014 ਦੀ ਗੱਲ ਕਰੀਏ ਤਾਂ 55 ਵਿਧਾਇਕਾਂ ਦੇ ਰਿਕਾਰਡ 'ਚ ਅਪਰਾਧ ਦਾ ਕਾਲਮ ਭਰਿਆ ਹੋਇਆ ਸੀ।  ਇਸ ਵਾਰ ਵਿਧਾਨ ਸਭਾ 'ਚ ਕੁੱਲ 65.43 ਫੀਸਦੀ ਯਾਨੀ 53 ਵਿਧਾਇਕ ਅਜਿਹੇ ਪੁੱਜੇ ਹਨ, ਜਿਨ੍ਹਾਂ ਨੇ ਆਪਣੇ ਸਹੁੰ ਪੱਤਰ 'ਚ ਆਪਣੀ ਜਾਇਦਾਦ ਦਾ ਵੇਰਵਾ ਕਰੋੜਾਂ 'ਚ ਭਰਿਆ ਹੈ ਪਰ 2014 ਦੀਆਂ ਵਿਧਾਨ ਸਭਾ ਚੋਣਾਂ 'ਚ ਅਜਿਹੇ ਵਿਧਾਇਕਾਂ ਦੀ ਗਿਣਤੀ 81 'ਚੋਂ ਸਿਰਫ਼ 41 ਯਾਨੀ 51 ਫੀਸਦੀ ਸੀ। 

ਜੇਕਰ ਨਵੇਂ ਵਿਧਾਇਕਾਂ ਦੇ ਰਿਕਾਰਡ ਦੇਖੀਏ ਤਾਂ ਝਾਮੁਮੋ ਦੇ 17 ਵਿਧਾਇਕਾਂ 'ਤੇ ਕੇਸ ਦਰਜ ਹਨ। ਭਾਜਪਾ ਤੋਂ ਜਿੱਤ ਕੇ ਆਏ ਅਜਿਹੇ ਵਿਧਾਇਕਾਂ ਦੀ ਗਿਣਤੀ 11 ਹੈ। ਕਾਂਗਰਸ ਦੇ 8 ਵਿਧਾਇਕਾਂ 'ਤੇ ਮੁਕੱਦਮਾ ਚੱਲ ਰਿਹਾ ਹੈ। ਜੇ.ਵੀ.ਐੱਮ. ਦੇ 3 ਵਿਧਾਇਕਾਂ 'ਤੇ ਕੇਸ ਦਰਜ ਹਨ। ਐੱਨ.ਸੀ.ਪੀ. ਅਤੇ ਆਰ.ਜੇ.ਡੀ. ਦੇ ਇਕ ਵਿਧਾਇਕ 'ਤੇ ਵੀ ਕੇਸ ਦਰਜ ਹਨ।

ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਏ.ਡੀ.ਆਰ. ਵਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਸੀ ਕਿ 1216 ਉਮੀਦਵਾਰਾਂ 'ਚੋਂ 335 'ਤੇ ਆਮ ਅਪਰਾਧ ਅਤੇ 222 ਵਿਰੁੱਧ ਗੰਭੀਰ ਅਪਰਾਧਕ ਦੋਸ਼ ਦਰਜ ਹਨ। ਇਸ ਵਾਰ ਵਿਧਾਨ ਸਭਾ 'ਚ ਚੁਣੇ ਗਏ ਵਿਧਾਇਕਾਂ 'ਤੇ ਜਿੱਥੇ ਲੋਕਾਂ ਨਾਲ ਧੋਖਾਧੜੀ ਅਤੇ ਹੋਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਹਨ, ਉੱਥੇ ਹੀ ਹੁਸੈਨਾਬਾਦ ਤੋਂ ਐੱਨ.ਸੀ.ਪੀ. ਤੋਂ ਚੁਣੇ ਗਏ ਕਮਲੇਸ਼ ਕੁਮਾਰ ਸਿੰਘ, ਮਾਂਡਰ ਤੋਂ ਜੇ.ਵੀ.ਐੱਮ. ਦੇ ਵਿਧਾਇਕ ਬੰਧੂ ਤਿਰਕੀ ਅਤੇ ਪਾਂਕੀ ਤੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕ ਕੁਸ਼ਵਾਹਾ ਸ਼ਸ਼ੀਭੂਸ਼ਣ ਮੇਹਤਾ ਵਿਰੁੱਧ ਵੱਖ-ਵੱਖ ਮਾਮਲਿਆਂ 'ਚ ਸੀ.ਬੀ.ਆਈ. ਜਾਂਚ ਚੱਲ ਰਹੀ ਹੈ।


DIsha

Content Editor

Related News