ਅਯੁੱਧਿਆ ''ਚ 4 ਮਹੀਨਿਆਂ ''ਚ ਬਣ ਜਾਵੇਗਾ ਆਸਮਾਨ ਛੂੰਹਦਾ ਰਾਮ ਮੰਦਰ : ਅਮਿਤ ਸ਼ਾਹ
Monday, Dec 16, 2019 - 04:08 PM (IST)

ਪਾਕੁੜ— ਝਾਰਖੰਡ ਦੇ ਪਾਕੁੜ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਅਯੁੱਧਿਆ 'ਚ ਭਗਵਾਨ ਰਾਮ ਦੇ ਸ਼ਾਨਦਾਰ ਮੰਦਰ ਦੇ ਨਿਰਮਾਣ ਦੀ ਮਿਆਦ ਵੀ ਤੈਅ ਕਰ ਦਿੱਤੀ। ਅਮਿਤ ਸ਼ਾਹ ਨੇ ਕਿਹਾ ਕਿ ਚਾਰ ਮਹੀਨਿਆਂ ਅੰਦਰ ਆਸਮਾਨ ਨੂੰ ਛੂੰਹਦਾ ਹੋਇਆ ਸ਼ਾਨਦਾਰ ਰਾਮ ਮੰਦਰ ਅਯੁੱਧਿਆ 'ਚ ਬਣਨ ਜਾ ਰਿਹਾ ਹੈ।
100 ਸਾਲ ਤੋਂ ਭਾਰਤੀਆਂ ਦੀ ਮੰਗ ਸੀ ਅਯੁੱਧਿਆ 'ਚ ਬਣੇ ਮੰਦਰ
ਸ਼ਾਹ ਨੇ ਕਿਹਾ,''ਹੁਣੇ-ਹੁਣੇ ਸੁਪਰੀਮ ਕੋਰਟ ਨੇ ਅਯੁੱਧਿਆ ਲਈ ਫੈਸਲਾ ਦਿੱਤਾ। 100 ਸਾਲਾਂ ਤੋਂ ਦੁਨੀਆ ਭਰ ਦੇ ਭਾਰਤੀਆਂ ਦੀ ਮੰਗ ਸੀ ਕਿ ਅਯੁੱਧਿਆ 'ਚ ਸ਼ਾਨਦਾਰ ਮੰਦਰ ਬਣਨਾ ਚਾਹੀਦਾ। ਹੁਣ ਸ਼ਾਨਦਾਰ ਰਾਮ ਮੰਦਰ ਅਯੁੱਧਿਆ 'ਚ ਬਣਨ ਜਾ ਰਿਹਾ ਹੈ। ਇਹ ਕਾਂਗਰਸ ਪਾਰਟੀ ਨਾ ਤਾਂ ਵਿਕਾਸ ਕਰ ਸਕਦੀ ਹੈ, ਨਾ ਦੇਸ਼ ਨੂੰ ਸੁਰੱਖਿਅਤ ਕਰ ਸਕਦੀ ਹੈ, ਨਾ ਦੇਸ਼ ਦੀ ਜਨਤਾ ਦੀਆਂ ਭਾਵਨਾਵਾਂ ਨੂੰ ਸਨਮਾਨ ਕਰ ਸਕਦੀ ਹੈ।
ਅਟਲ ਵਾਜਪਾਈ ਦੀ ਸਰਕਾਰ ਨੇ ਕੀਤਾ ਝਾਰਖੰਡ ਦਾ ਨਿਰਮਾਣ
ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਸਾਲਾਂ ਤੱਕ ਝਾਰਖੰਡ ਦੇ ਨੌਜਵਾਨ ਲੜਦੇ ਰਹੇ ਪਰ ਜਦੋਂ ਤੱਕ ਕਾਂਗਰਸ ਦਾ ਸ਼ਾਸਨ ਰਿਹਾ, ਉਦੋਂ ਤੱਕ ਝਾਰਖੰਡ ਦੀ ਰਚਨਾ ਨਹੀਂ ਹੋਈ। ਜਦੋਂ ਕੇਂਦਰ 'ਚ ਅਟਲ ਬਿਹਾਰੀ ਵਾਜਪਾਈ ਦੀ ਭਾਜਪਾ ਸਰਕਾਰ ਆਈ ਤਾਂ ਉਨ੍ਹਾਂ ਨੇ ਝਾਰਖੰਡ ਦਾ ਨਿਰਮਾਣ ਕੀਤਾ। ਅਟਲ ਬਿਹਾਰੀ ਵਾਜਪਾਈ ਨੇ ਝਾਰਖੰਡ ਨੂੰ ਬਣਾਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਨੂੰ ਸਜਾਉਣ ਅਤੇ ਇੱਥੇ ਵਿਕਾਸ ਕਰਨ ਦਾ ਕੰਮ ਕੀਤਾ ਹੈ।''