ਮੋਰਬੀ ਪੁਲ ਹਾਦਸਾ : ਓਰੇਵਾ ਗਰੁੱਪ ਦੇ ਸੀ. ਐੱਮ. ਡੀ. ਜੈਸੁੱਖ ਦੀ ਜ਼ਮਾਨਤ ਪਟੀਸ਼ਨ ਰੱਦ

Tuesday, Dec 19, 2023 - 08:28 PM (IST)

ਅਹਿਮਦਾਬਾਦ, (ਭਾਸ਼ਾ)- ਗੁਜਰਾਤ ਹਾਈ ਕੋਰਟ ਨੇ ਮੰਗਲਵਾਰ ਨੂੰ ਓਰੇਵਾ ਗਰੁੱਪ ਦੇ ਚੀਫ਼ ਮੈਨੇਜਿੰਗ ਡਾਇਰੈਕਟਰ (ਸੀ. ਐੱਮ. ਡੀ.) ਜੈਸੁੱਖ ਪਟੇਲ ਦੀ ਨਿਯਮਤ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜੈਸੁੱਖ ਅਕਤੂਬਰ 2022 ਵਿਚ ਮੋਰਬੀ ‘ਸਸਪੈਂਸ਼ਨ’ ਪੁਲ ਦੇ ਢਹਿ ਜਾਣ ਦੇ ਮਾਮਲੇ ’ਚ ਮੁੱਖ ਮੁਲਜ਼ਮ ਹਨ। ਇਸ ਹਾਦਸੇ ਵਿਚ 135 ਲੋਕਾਂ ਦੀ ਜਾਨ ਚਲੀ ਗਈ ਸੀ।

ਜੈਸੁੱਖ ਨੇ ਇਸ ਮਾਮਲੇ ’ਚ ਮੁੱਖ ਮੁਲਜ਼ਮ ਬਣਾਏ ਜਾਣ ਤੋਂ ਬਾਅਦ ਇਸ ਸਾਲ ਜਨਵਰੀ ’ਚ ਆਤਮਸਮਰਪਣ ਕਰ ਦਿੱਤਾ ਸੀ। ਉਦੋਂ ਤੋਂ ਹੀ ਉਹ ਕੈਦ ’ਚ ਹਨ। ਮੁਲਜ਼ਮਾਂ ਦੀ ਨਿਯਮਤ ਜ਼ਮਾਨਤ ਪਟੀਸ਼ਨ ਪਹਿਲਾਂ ਵੀ ਹੇਠਲੀਆਂ ਅਦਾਲਤਾਂ ਵੱਲੋਂ ਰੱਦ ਕਰ ਦਿੱਤੀ ਗਈ ਸੀ। ਗੁਜਰਾਤ ਦੇ ਮੋਰਬੀ ਸ਼ਹਿਰ ਵਿਚ ਮੱਛੂ ਨਦੀ ’ਤੇ ਬ੍ਰਿਟਿਸ਼-ਯੁੱਗ ਦੇ ‘ਸਸਪੈਂਸ਼ਨ’ ਪੁਲ ਦੇ ਸੰਚਾਲਨ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਜੈਸੁੱਖ ਦੀ ਕੰਪਨੀ ਕੋਲ ਸੀ। ਇਹ ਪੁਲ ਪਿਛਲੇ ਸਾਲ 30 ਅਕਤੂਬਰ ਨੂੰ ਢਹਿ ਗਿਆ ਸੀ, ਜਿਸ ਵਿਚ ਕੁਝ ਬੱਚਿਆਂ ਸਮੇਤ 135 ਲੋਕ ਮਾਰੇ ਗਏ ਸਨ ਅਤੇ 56 ਜ਼ਖਮੀ ਹੋ ਗਏ ਸਨ।


Rakesh

Content Editor

Related News