ਜਯਾ ਬੱਚਨ ਦਾ ਰਵੀ ਕਿਸ਼ਨ ''ਤੇ ਪਲਟਵਾਰ- ''ਜਿਸ ਥਾਲੀ ''ਚ ਖਾਂਦੇ ਹਨ, ਉਸ ''ਚ ਹੀ ਛੇਕ ਕਰਦੇ ਹਨ''

09/15/2020 10:41:41 AM

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਯਾਨੀ ਕਿ ਮੰਗਲਵਾਰ ਦੂਜਾ ਦਿਨ ਹੈ। ਕੋਰੋਨਾ ਕਾਲ ਵਿਚ ਚੱਲ ਰਹੇ ਸੰਸਦ ਦੇ ਸੈਸ਼ਨ 'ਚ ਅੱਜ ਪਹਿਲਾਂ ਰਾਜ ਸਭਾ ਚੱਲੇਗੀ। ਰਾਜ ਸਭਾ ਯਾਨੀ ਕਿ ਉੱਪਰੀ ਸਦਨ ਦੀ ਕਾਰਵਾਈ ਸਵੇਰੇ 9 ਤੋਂ 1 ਵਜੇ ਤੱਕ ਚਲੇਗੀ। ਇਸ ਤੋਂ ਬਾਅਦ 3 ਤੋਂ ਸ਼ਾਮ 7 ਵਜੇ ਲੋਕ ਸਭਾ ਦੀ ਕਾਰਵਾਈ ਹੋਵੇਗੀ। ਰਾਜ ਸਭਾ 'ਚ ਸਮਾਜਵਾਦੀ ਪਾਰਟੀ (ਸਪਾ) ਦੀ ਸੰਸਦ ਮੈਂਬਰ ਅਤੇ ਅਭਿਨੇਤੀ ਜਯਾ ਬੱਚਨ ਨੇ ਸਿਫਰ ਕਾਲ ਦੌਰਾਨ ਨੋਟਿਸ ਦਿੱਤਾ। ਜਯਾ ਨੇ ਕਿਹਾ ਕਿ ਫਿਲਮ ਇੰਡਸਟਰੀ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਿਸ 'ਤੇ ਪਿਛਲੇ ਕਾਫੀ ਦਿਨਾਂ ਤੋਂ ਵਿਵਾਦ ਜਾਰੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। 

ਜਯਾ ਨੇ ਕਿਹਾ ਕਿ ਬਾਲੀਵੁੱਡ ਨੂੰ ਬਦਨਾਮ ਕਰਨ ਦੀ ਸਾਜਿਸ਼ ਚੱਲ ਰਹੀ ਹੈ। ਫਿਲਮ ਇੰਡਸਟਰੀ ਹਰ ਰੋਜ਼ 5 ਲੱਖ ਲੋਕਾਂ ਨੂੰ ਸਿੱਧਾ ਰੋਜ਼ਗਾਰ ਦਿੰਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਅਤੇ ਚੀਜ਼ਾਂ ਤੋਂ ਧਿਆਨ ਹਟਾਉਣ ਲਈ ਸਾਡਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸਾਡੇ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਸਾਨੂੰ ਸਰਕਾਰ ਤੋਂ ਵੀ ਸਮਰਥਨ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਫਿਲਮ ਇੰਡਸਟਰੀ ਦੇ ਸਹਾਰੇ ਨਾਮ ਕਮਾਇਆ ਹੈ, ਉਨ੍ਹਾਂ ਨੇ ਇਸ ਨੂੰ ਗਟਰ ਕਿਹਾ। ਮੈਂ ਇਸ ਗੱਲ ਦਾ ਸਮਰਥਨ ਨਹੀਂ ਕਰਦੀ। ਕੁਝ ਖਰਾਬ ਲੋਕਾਂ ਦੀ ਵਜ੍ਹਾ ਤੋਂ ਤੁਸੀਂ ਪੂਰੀ ਇੰਡਸਟਰੀ ਦਾ ਅਕਸ ਖਰਾਬ ਨਹੀਂ ਕਰ ਸਕਦੇ।

ਦਰਅਸਲ ਲੋਕ ਸਭਾ 'ਚ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਡਰੱਗ ਤਸਕਰੀ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਫਿਲਮ ਇੰਡਸਟਰੀ 'ਚ ਵੀ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਐੱਨ. ਸੀ. ਬੀ. ਨੇ ਕਈ ਲੋਕਾਂ ਨੂੰ ਫੜਿਆ ਹੈ। ਰਵੀ ਕਿਸ਼ਨ ਨੇ ਬਾਲੀਵੁੱਡ 'ਚ ਵੀ ਵਿਆਪਕ ਜਾਂਚ ਦੀ ਗੱਲ ਆਖੀ ਸੀ। ਜਯਾ ਬੱਚਨ ਨੇ ਰਵੀ ਕਿਸ਼ਨ 'ਤੇ ਨਿਸ਼ਾਨ ਵਿੰਨ੍ਹਦੇ ਹੋਏ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ, ਜਿਸ ਥਾਲੀ ਵਿਚ ਖਾਂਦੇ ਹਨ, ਉਸ 'ਚ ਹੀ ਛੇਕ ਕਰਦੇ ਹਨ। ਜਯਾ ਨੇ ਕਿਹਾ ਇੰਡਸਟਰੀ ਨੂੰ ਸਰਕਾਰ ਦੇ ਸਮਰਥਨ ਦੀ ਲੋੜ ਹੈ।  ਇਸ ਦੀ ਡਰੱਗ ਕਨੈਕਸ਼ਨ ਦੀ ਜਾਂਚ ਹੋ ਰਹੀ ਹੈ, ਜਿਸ ਵਿਚ ਬਾਲੀਵੁੱਡ ਦੇ ਕਈ ਨਾਮ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਸੰਸਦ 'ਚ ਉਠਿਆ ਡਰੱਗ ਦਾ ਮੁੱਦਾ, ਰਵੀ ਕਿਸ਼ਨ ਬੋਲੇ- ਸਖ਼ਤ ਕਾਰਵਾਈ ਕਰੇ ਸਰਕਾਰ


Tanu

Content Editor

Related News