ਗੋਲਗੱਪੇ ਖਾਣ ਲੱਗੀ ਦਾ ਉਤਰ ਗਿਆ ਜਬਾੜਾ! ਮੂੰਹ ਰਹਿ ਗਿਆ ਖੁੱਲ੍ਹਾ
Monday, Dec 01, 2025 - 09:58 PM (IST)
ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਔਰਈਆ ਵਿੱਚ, ਇੱਕ ਔਰਤ ਵੱਲੋਂ ਆਪਣੇ ਮੂੰਹ ਵਿੱਚ ਇੱਕ ਵੱਡਾ ਗੋਲਗੱਪਾ ਪਾਉਣ ਦੀ ਕੋਸ਼ਿਸ਼ ਇੰਨੀ ਗੰਭੀਰ ਸਾਬਤ ਹੋਈ ਕਿ ਉਸਦਾ ਜਬਾੜਾ ਟੁੱਟ ਗਿਆ। ਹੁਣ, ਉਸਦਾ ਮੂੰਹ ਬੰਦ ਨਹੀਂ ਹੋ ਰਿਹਾ। ਔਰਈਆ ਦੇ ਡਿਬੀਆਪੁਰ ਥਾਣਾ ਖੇਤਰ ਦੇ ਗੌਰੀ ਕਿਸ਼ਨਪੁਰ ਕਾਕੋਰ ਦੀ ਰਹਿਣ ਵਾਲੀ ਇੰਕਲਾ ਦੇਵੀ (ਲਗਭਗ 50 ਸਾਲ) ਆਪਣੀ ਭਤੀਜੀ ਅਤੇ ਨੂੰਹ ਦੀ ਡਿਲੀਵਰੀ ਲਈ ਔਰਈਆ ਜ਼ਿਲ੍ਹਾ ਹਸਪਤਾਲ ਦੇ ਨੇੜੇ ਆਪਣੇ ਪਰਿਵਾਰ ਨਾਲ ਰੁਕੀ ਸੀ। ਸਵੇਰੇ, ਜਦੋਂ ਬੱਚਿਆਂ ਨੇ ਗੋਲਗੱਪੇ ਲਈ ਜ਼ੋਰ ਪਾਇਆ, ਤਾਂ ਪੂਰਾ ਪਰਿਵਾਰ ਰੇਹੜੀ ਵਾਲੇ ਕੋਲ ਗਿਆ। ਇੰਕਲਾ ਦੇਵੀ ਨੇ ਜਦੋਂ ਖਾਣ ਲਈ ਆਪਣਾ ਮੂੰਹ ਖੋਲ੍ਹਿਆ ਤਾਂ ਉਹ ਖੁੱਲ੍ਹਾ ਹੀ ਰਹਿ ਗਿਆ। ਉਸਨੇ ਆਪਣਾ ਮੂੰਹ ਬੰਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਦਾ ਜਬਾੜਾ ਬੰਦ ਨਹੀਂ ਸੀ ਹੋ ਰਿਹਾ!
ਔਰਤ ਦੀ ਰਿਸ਼ਤੇਦਾਰ, ਸਾਵਿਤਰੀ ਦੇਵੀ ਨੇ ਕਿਹਾ, "ਪਹਿਲਾਂ ਤਾਂ ਮੈਨੂੰ ਲੱਗਾ ਕਿ ਇਹ ਇੱਕ ਮਜ਼ਾਕ ਹੈ, ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਭੈਣ ਦਰਦ ਨਾਲ ਰੋ ਰਹੀ ਸੀ ਅਤੇ ਉਸਦਾ ਮੂੰਹ ਬੰਦ ਨਹੀਂ ਹੋ ਰਿਹਾ ਸੀ। ਫਿਰ ਅਸੀਂ ਤੁਰੰਤ ਹਸਪਤਾਲ ਪਹੁੰਚੇ।"
ਡਾਕਟਰ ਵੀ ਹੈਰਾਨ
ਜ਼ਿਲ੍ਹਾ ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਡਾਕਟਰ ਮਨੋਜ ਕੁਮਾਰ ਨੇ ਕਿਹਾ, "ਮਰੀਜ਼ ਦਾ ਜਬਾੜਾ ਪੂਰੀ ਡਿਸਲੋਕੇਟ ਹੋ ਗਿਆ ਸੀ। ਅਸੀਂ ਕਈ ਵਾਰ ਮੈਨੁਅਲ ਰਿਡਕਸ਼ਨ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ। ਅੰਤ ਵਿੱਚ, ਅਸੀਂ ਉਸਨੂੰ ਸੈਫਾਈ ਮੈਡੀਕਲ ਯੂਨੀਵਰਸਿਟੀ ਰੈਫਰ ਕਰ ਦਿੱਤਾ। ਮੈਂ ਪਹਿਲਾਂ ਕਦੇ ਅਜਿਹਾ ਕੇਸ ਨਹੀਂ ਦੇਖਿਆ।"
