ਸੰਭਲ ਤੋਂ ਬਾਅਦ ਹੁਣ ਜੌਨਪੁਰ ਦੀ ‘ਅਟਾਲਾ ਮਸਜਿਦ’ ’ਤੇ ਵੀ ਮੰਦਰ ਦਾ ਦਾਅਵਾ!
Saturday, Dec 07, 2024 - 09:06 PM (IST)
ਜੌਨਪੁਰ/ਲਖਨਊ- ਉੱਤਰ ਪ੍ਰਦੇਸ਼ ਦੀ ਸੰਭਲ ਮਸਜਿਦ ਵਿਵਾਦ ਅਜੇ ਖਤਮ ਨਹੀਂ ਹੋਇਆ ਸੀ ਕਿ ਇਸੇ ਦਰਮਿਆਨ ਜੌਨਪੁਰ ਦੀ ਅਟਾਲਾ ਮਸਜਿਦ ’ਚ ਸਵਰਾਜ ਵਾਹਿਨੀ ਸੰਗਠਨ ਨੇ ਇਸ ਨੂੰ ਪ੍ਰਾਚੀਨ ਅਟਾਲਾ ਦੇਵੀ ਮੰਦਰ ਦੱਸਿਆ ਹੈ, ਜਦ ਕਿ ਮਸਜਿਦ ਪ੍ਰਬੰਧਕ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਰਹੇ ਹਨ। ਇਸ ਸਬੰਧੀ ਸਵਰਾਜ ਵਾਹਿਨੀ ਸੰਗਠਨ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 9 ਦਸੰਬਰ ਨੂੰ ਹੋਵੇਗੀ। ਹਿੰਦੂ ਧਿਰ ਦਾ ਦਾਅਵਾ ਹੈ ਕਿ ਮਸਜਿਦ ਵਿਚ ਮੰਦਰ ਨਾਲ ਸਬੰਧਤ ਕਈ ਚਿੰਨ੍ਹ ਮੌਜੂਦ ਹਨ।
ਵਕੀਲ ਨੇ ਉੱਤਰ ਪ੍ਰਦੇਸ਼ ਸੁੰਨੀ ਕੇਂਦਰੀ ਵਕਫ਼ ਬੋਰਡ, ਪ੍ਰਬੰਧਕੀ ਕਮੇਟੀ ਅਟਾਲਾ ਮਸਜਿਦ ਖ਼ਿਲਾਫ ਦਾਅਵਾ ਪੇਸ਼ ਕੀਤਾ ਹੈ। ਅਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਵਾਦ-ਵਿਵਾਦ ਦੀ ਜਾਇਦਾਦ ਅਟਾਲਾ ਮਸਜਿਦ ਮੂਲ ਰੂਪ ਵਿਚ ਅਟਾਲਾ ਮਾਤਾ ਮੰਦਰ ਹੈ। ਇਤਿਹਾਸਕ ਸਰੋਤਾਂ ਮੁਤਾਬਕ ਅਟਾਲਾ ਮਾਤਾ ਮੰਦਰ ਦੀ ਉਸਾਰੀ ਕਨੌਜ ਦੇ ਰਾਜਾ ਜੈਚੰਦਰ ਰਾਠੌਰ ਨੇ ਕਰਵਾਈ ਸੀ।