ਕੋਰੋਨਾ ਕਾਲ ’ਚ ਇਹ ਸਿੱਖ ਬਣਿਆ ਮਸੀਹਾ, ਸਕੂਟਰੀ ’ਤੇ ‘ਲੰਗਰ’ ਚਲਾ ਲੋੜਵੰਦਾਂ ਦਾ ਭਰ ਰਿਹੈ ਢਿੱਡ

Saturday, May 01, 2021 - 04:49 PM (IST)

ਕੋਰੋਨਾ ਕਾਲ ’ਚ ਇਹ ਸਿੱਖ ਬਣਿਆ ਮਸੀਹਾ, ਸਕੂਟਰੀ ’ਤੇ ‘ਲੰਗਰ’ ਚਲਾ ਲੋੜਵੰਦਾਂ ਦਾ ਭਰ ਰਿਹੈ ਢਿੱਡ

ਨਾਗਪੁਰ (ਭਾਸ਼ਾ)— ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਇਕ ਸਿੱਖ ਵਿਅਕਤੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਚਿੰਤਾਜਨਕ ਹਾਲਾਤ ਦੌਰਾਨ ਵੀ ਆਪਣੇ ਦੋ-ਪਹੀਆ ਵਾਹਨ ’ਤੇ ਗਲੀ-ਗਲੀ ਘੁੰਮ ਕੇ ਲੋਕਾਂ ਨੂੰ ਮੁਫ਼ਤ ਭੋਜਨ ਪ੍ਰਦਾਨ ਕਰ ਰਿਹਾ ਹੈ। 41 ਸਾਲਾ ਜਮਸ਼ੇਦ ਸਿੰਘ ਕਪੂਰ ਲੰਗਰ ਸੇਵਾ ਤਹਿਤ ਰੋਜ਼ਾਨਾ ਦੁਪਹਿਰ 3 ਵਜੇ ਤੋਂ ਬਾਅਦ 5 ਘੰਟੇ ਤੱਕ ਸੈਂਕੜੇ ਲੋਕਾਂ ਨੂੰ ‘ਦਾਲ ਖਿਚੜੀ’ ਵੰਡਦੇ ਹਨ। ‘ਲੰਗਰ ਸੇਵਾ’ ਲਿਖੀ ਟੀ-ਸ਼ਰਟ ਪਹਿਨੇ ਕਪੂਰ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਦਾਲ ਖਿਚੜੀ ਪਰੋਸਦੇ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਦੋ-ਪਹੀਆ ਵਾਹਨ ਤੋਂ ਭੋਜਨ ਸਮੱਗਰੀ ਨਾਲ ਭਰਿਆ ਡਰਮ ਬੰਨਿ੍ਹਆ ਰਹਿੰਦਾ ਹੈ। ਲੰਗਰ ਦਾ ਸ਼ਾਬਦਿਕ ਅਰਥ ਹੈ ਭਾਈਚਾਰਕ ਰਸੋਈ ਅਤੇ ਇਸ ਦੇ ਤਹਿਤ ਗੁਰਦੁਆਰਿਆਂ ਵਿਚ ਰੋਜ਼ਾਨਾ ਲੰਗਰ ਵਰਤਾਇਆ ਜਾਂਦਾ ਹੈ। ਕਪੂਰ ਨੇ ਆਪਣੀ ਪਹਿਲ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਨਾਗਪੁਰ ਵਿਚ 2013 ਤੋਂ ਲੰਗਰ ਸੇਵਾ ਚਲਾ ਰਹੇ ਹਨ। 

ਕਪੂਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ਼ ਕਮਜ਼ੋਰ ਅਤੇ ਗਰੀਬ ਲੋਕ ਲੰਗਰ ਲੈਂਦੇ ਸਨ ਪਰ ਮਹਾਮਾਰੀ ਅਤੇ ਪਾਬੰਦੀਆਂ ਦੇ ਚੱਲਦੇ ਛੋਟੇ ਰੈਸਟੋਰੈਂਟ ਬੰਦ ਹੋਣ ਕਾਰਨ ਹਰ ਤਰ੍ਹਾਂ ਦੇ ਲੋਕ ਇਸ ਸੇਵਾ ਦਾ ਲਾਭ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਦਾਲ ਅਤੇ ਚੌਲ ਦਾਨ ਕਰ ਕੇ ਸਹਿਯੋਗ ਦਿੰਦੇ ਹਨ, ਤਾਂ ਕਿ ਉਹ ਲੋੜਵੰਦਾਂ ਦੀ ਸੇਵਾ ਜਾਰੀ ਰੱਖਣ। ਕਪੂਰ ਨੇ ਇਕ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਤੋਂ ਭੋਜਨ ਲੈਣ ਵਾਲੇ ਇਕ ਭਿਖਾਰੀ ਨੇ ਉਨ੍ਹਾਂ ਨੂੰ ਕੱਪੜੇ ਦਾ ਥੈਲਾ ਦਿੱਤਾ ਅਤੇ ਕਿਹਾ ਕਿ ਉਸ ਦੀ ਮੌਤ ਤੋਂ ਬਾਅਦ ਇਸ ਨੂੰ ਕਿਸੇ ਲੋੜਵੰਦ ਨੂੰ ਦੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਉਹ ਥੈਲਾ ਘਰ ਲੈ ਆਇਆ। ਉਸ ਦੀ ਮੌਤ ਤੋਂ ਬਾਅਦ ਜਦੋਂ ਮੈਂ ਉਸ ਥੈਲੇ ਨੂੰ ਖੋਲ੍ਹਿਆ ਤਾਂ ਉਸ ’ਚ ਕੱਪੜਿਆਂ ਦੇ ਨਾਲ 25 ਹਜ਼ਾਰ ਰੁਪਏ ਰੱਖੇ ਸਨ, ਜਿਸ ਦਾ ਉਸ ਨੇ ਕਦੇ ਜ਼ਿਕਰ ਨਹੀਂ ਕੀਤਾ ਸੀ। ਕਪੂਰ ਨੇ ਅੱਗੇ ਕਿਹਾ ਕਿ ਉਹ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਹ ਸੇਵਾ ਪ੍ਰਦਾਨ ਕਰ ਰਹੇ ਹਨ, ਜਿਨ੍ਹਾਂ ਨੇ ਸਾਲ 1512 ’ਚ ਨਾਗਪੁਰ ਦਾ ਦੌਰਾਨ ਕੀਤਾ ਸੀ ਅਤੇ ਸਥਾਨਕ ਆਦਿਵਾਸੀਆਂ ਨੂੰ ਲੰਗਰ ਸੇਵਾ ਪ੍ਰਦਾਨ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਲੋੜਵੰਦਾਂ ਲਈ ਹਰ ਸਮੇਂ ਲੰਗਰ ਸੇਵਾ ਸ਼ੁਰੂ ਕਰਨਾ ਉਨ੍ਹਾਂ ਦਾ ਸੁਫ਼ਨਾ ਹੈ। 


author

Tanu

Content Editor

Related News