ਭਾਰਤ ਬੰਦ: ''ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ''
Tuesday, Dec 08, 2020 - 05:58 PM (IST)
ਜੰਮੂ— ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਯਾਨੀ ਕਿ ਮੰਗਲਵਾਰ ਨੂੰ ਬੁਲਾਏ ਗਏ ਭਾਰਤ ਬੰਦ ਦਾ ਅਸਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵੇਖਣ ਨੂੰ ਮਿਲਿਆ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰਤ ਬੰਦ ਦਾ ਅਸਰ ਦਿੱਲੀ ਤੋਂ ਲੈ ਕੇ ਬੰਗਾਲ ਅਤੇ ਯੂ. ਪੀ. ਤੋਂ ਲੈ ਕੇ ਕਰਨਾਟਕ ਤੱਕ ਦਿੱਸ ਰਿਹਾ ਹੈ। ਕਈ ਸਿਆਸੀ ਦਲਾਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੋਹ ਇਸ ਕਦਰ ਸੀ ਕਿ ਥਾਂ-ਥਾਂ ਰੇਲਾਂ ਰੋਕੀਆਂ ਗਈਆਂ ਅਤੇ ਕਈ ਥਾਈਂ ਟਾਇਰ ਫੂਕੇ ਗਏ। ਜੰਮੂ 'ਚ ਵੀ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਹਜ਼ਾਰਾਂ ਭਾਰਤੀ ਕਿਸਾਨਾਂ ਵਲੋਂ ਬੁਲਾਏ ਰਾਸ਼ਟਰ ਵਿਆਪੀ ਬੰਦ ਦਾ ਅਸਰ ਰਿਹਾ। ਇੱਥੇ ਵੱਖ-ਵੱਖ ਦਲਾਂ ਦੇ ਵਰਕਰਾਂ ਨੇ ਜੰਮੂ-ਪਠਾਨਕੋਟ ਹਾਈਵੇਅ ਨੂੰ ਬੰਦ ਕਰ ਦਿੱਤਾ।
ਲੋਕ ਸੜਕਾਂ 'ਤੇ ਟਰੈਕਟਰ ਅਤੇ ਗੱਡੀਆਂ ਲੈ ਕੇ ਨਿਕਲੇ। ਉਨ੍ਹਾਂ ਦੇ ਹੱਥਾਂ 'ਚ ਬੈਨਰ ਫੜ੍ਹੇ ਹੋਏ ਸਨ, ਜਿਸ 'ਤੇ ਲਿਖਿਆ ਸੀ- ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਬੈਨਰ ਫੜ੍ਹ ਕੇ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ 'ਚ ਲੋਕ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਨਜ਼ਰ ਆਏ।
ਭਾਰਤ ਬੰਦ ਦੇ ਸਮਰਥਨ 'ਚ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜੰਮੂ 'ਚ ਅਨੋਖੇ ਢੰਗ ਨਾਲ ਵਿਰੋਧ ਕੀਤਾ ਗਿਆ। ਬੀਬੀਆਂ ਵਲੋਂ ਭਜਨ ਗਾ ਕੇ ਮੋਦੀ ਸਰਕਾਰ ਵਿਰੁੱਧ ਭੜਾਸ ਕੱਢੀ ਗਈ।