ਜੰਮੂ ਕਸ਼ਮੀਰ ''ਚ ਵੰਦੇ ਭਾਰਤ ਟਰੇਨ ਦਾ ਟ੍ਰਾਇਲ ਹੋਇਆ ਪੂਰਾ

Saturday, Jan 25, 2025 - 03:19 PM (IST)

ਜੰਮੂ ਕਸ਼ਮੀਰ ''ਚ ਵੰਦੇ ਭਾਰਤ ਟਰੇਨ ਦਾ ਟ੍ਰਾਇਲ ਹੋਇਆ ਪੂਰਾ

ਸ਼੍ਰੀਨਗਰ- ਸਾਲਾਂ ਦੀ ਮਿਹਨਤ ਅਤੇ ਸਮਰਪਣ ਤੇ ਕੁਝ ਇੰਜੀਨੀਅਰਿੰਗ ਚਮਤਕਾਰਾਂ ਤੋਂ ਬਾਅਦ ਆਖਰਕਾਰ ਕਸ਼ਮੀਰ ਦੀ ਰੇਲ ਸੰਪਰਕ ਦਾ ਸੁਫ਼ਨਾ ਸ਼ਨੀਵਾਰ ਨੂੰ ਉਸ ਸਮੇਂ ਸੱਚ ਹੋ ਗਿਆ, ਜਦੋਂ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਇੱਥੇ ਪਹੁੰਚੀ ਅਤੇ ਟ੍ਰਾਇਲ ਰਨ ਪੂਰਾ ਕੀਤਾ। ਟਰੇਨ ਆਪਣੇ ਪਹਿਲੇ ਟ੍ਰਾਇਲ ਦੇ ਅਧੀਨ ਜੰਮੂ ਦੇ ਕੱਟੜਾ ਤੋਂ ਸ਼੍ਰੀਨਗਰ ਸਟੇਸ਼ਨ ਪਹੁੰਚੀ। ਇਹ ਸ਼ੁੱਕਰਵਾਰ ਨੂੰ ਜੰਮੂ ਪਹੁੰਚੀ ਸੀ। ਦੁਪਹਿਰ 11.30 ਵਜੇ ਜਿਵੇਂ ਹੀ ਵੰਦੇ ਭਾਰਤ ਐਕਸਪ੍ਰੈੱਸ ਸਟੇਸ਼ਨ 'ਤੇ ਪਹੁੰਚੀ, ਇਸ ਦਾ ਸਵਾਗਤ ਨਾਅਰਿਆਂ ਅਤੇ ਭਾਰਤੀ ਰੇਲਵੇ ਦੀ ਪ੍ਰਸ਼ੰਸਾ ਨਾਲ ਕੀਤਾ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ 'ਚ ਲੋਕ ਅਤੇ ਰੇਲਵੇ ਅਧਿਕਾਰੀ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ 'ਚੋਂ ਕਈ ਲੋਕ ਟਰੇਨ 'ਚ ਸਵਾਰ ਅਧਿਕਾਰੀਆਂ ਦਾ ਸਵਾਗਤ ਕਰਨ ਲਈ ਮਾਲਾਵਾਂ ਲੈ ਕੇ ਆਏ ਸਨ। ਇੱਥੇ ਸਟੇਸ਼ਨ 'ਤੇ ਕੁਝ ਦੇਰ ਰੁਕਣ ਤੋਂ ਬਾਅਦ ਟਰੇਨ ਆਪਣਾ ਟ੍ਰਾਇਲ ਪੂਰਾ ਕਰਨ ਲਈ ਬਡਗਾਮ ਸਟੇਸ਼ਨ ਲਈ ਰਵਾਨਾ ਹੋ ਗਈ। 

ਇਕ ਅਧਿਕਾਰੀ ਨੇ ਕਿਹਾ,''ਕੱਟੜਾ ਅਤੇ ਕਸ਼ਮੀਰ ਵਿਚਾਲੇ ਵੰਦੇ ਭਾਰਤ ਦਾ ਪਹਿਲਾ ਟ੍ਰਾਇਲ ਸਫ਼ਲਤਾਪੂਰਵਕ ਪੂਰਾ ਹੋ ਗਿਆ।'' ਟਰੇਨ ਨੂੰ ਵਿਸ਼ੇਸ਼ ਰੂਪ ਨਾਲ ਜੰਮੂ ਕਸ਼ਮੀਰ ਦੇ ਚੁਣੌਤੀਪੂਰਨ ਸਰਦੀ ਦੇ ਮੌਸਮ 'ਚ ਬਿਨਾਂ ਰੁਕਾਵਟ ਸੰਚਾਲਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਟੜਾ ਤੋਂ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਰੇਲਵੇ ਸੁਰੱਖਿਆ ਕਮਿਸ਼ਨਰ ਨੇ ਕੱਟੜਾ-ਬਾਰਾਮੂਲਾ ਸੈਕਸ਼ਨ 'ਤੇ ਟਰੇਨ ਸੇਵਾ ਸੰਚਾਲਨ ਲਈ ਹਰੀ ਝੰਡੀ ਦੇ ਦਿੱਤੀ ਸੀ। ਕੱਟੜਾ 'ਚ ਹੋਣ ਵਾਲੇ ਉਦਘਾਟਨ ਸਮਾਰੋਹ ਦੀ ਤਾਰੀਖ਼ ਅਜੇ ਐਲਾਨ ਨਹੀਂ ਹੋਈ ਹੈ। ਰੇਲਵੇ ਨੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐੱਸਬੀਆਰਐੱਲ) ਪ੍ਰਾਜੈਕਟ ਦੇ 272 ਕਿਲੋਮੀਟਰ ਹਿੱਸੇ 'ਤੇ ਕੰਮ ਪੂਰਾ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ, ਰੇਲਵੇ ਬੋਰਡ ਨੇ ਪਿਛਲੇ ਸਾਲ 8 ਜੂਨ ਨੂੰ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦਾ ਉਦਘਾਟਨ ਕੀਤਾ ਸੀ। ਟਰੇਨ 'ਚ ਜਲਵਾਯੂ ਸੰਬੰਧੀ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ 'ਚ ਹੀਟਿੰਗ ਸਿਸਟਮ ਸ਼ਾਮਲ ਹਨ ਜੋ ਪਾਣੀ ਅਤੇ ਬਾਇਓ-ਟਾਇਲਟ ਦੇ ਟੈਂਕਾਂ ਦੇ ਪਾਣੀ ਨੂੰ ਜੰਮਣ ਤੋਂ ਰੋਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News