ਜੰਮੂ-ਕਸ਼ਮੀਰ : ਅੱਤਵਾਦੀ ਧਮਕੀਆਂ ਦਾ ਖੌਫ, 9 ਐੱਸ. ਪੀ. ਓ. ਨੇ ਛੱਡੀ ਨੌਕਰੀ

Saturday, Aug 11, 2018 - 09:32 PM (IST)

ਸ਼੍ਰੀਨਗਰ— ਅੱਤਵਾਦੀਆਂ ਵਲੋਂ ਪਿਛਲੇ ਕੁੱਝ ਸਮੇਂ ਤੋਂ ਕਸ਼ਮੀਰ ਘਾਟੀ 'ਚ ਸਪੈਸ਼ਲ ਪੁਲਸ ਅਫਸਰ (ਐੱਸ. ਪੀ. ਓ.) 'ਤੇ ਵੱਧਦੇ ਹਮਲਿਆਂ ਅਤੇ ਉਨ੍ਹਾਂ ਨੂੰ ਨੌਕਰੀ ਛੱਡਣ ਲਈ ਸੁਣਾਏ ਗਏ ਫਰਮਾਨਾਂ ਦਾ ਅਸਰ ਹੁਣ ਸਾਫ ਨਜ਼ਰ ਆਉਣ ਲੱਗ ਪਿਆ ਹੈ। ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਦੇ ਤਰਾਲ 'ਚ 9 ਐੱਸ. ਪੀ. ਓ. ਨੇ ਮਸਜਿਦਾਂ 'ਚ ਪੁਲਸ ਦੀ ਨੌਕਰੀ ਛੱਡਣ ਦਾ ਐਲਾਨ ਕੀਤਾ ਅਤੇ ਪੁਲਸ ਦੇ ਨਾਲ ਕੰਮ ਕਰਨ ਲਈ ਮੁਆਫੀ ਵੀ ਮੰਗੀ। ਹਾਲਾਂਕਿ ਕਿਸੇ ਵੀ ਪੁਲਸ ਅਧਿਕਾਰੀ ਨੇ ਅੱਤਵਾਦੀ ਦੇ ਡਰ ਨਾਲ ਕਿਸੇ ਐੱਸ. ਪੀ. ਓ. ਦੇ ਨੌਕਰੀ ਛੱਡਣ ਦੀ ਪੁਸ਼ਟੀ ਨਹੀਂ ਕੀਤੀ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਦੱਖਣੀ-ਕਸ਼ਮੀਰ ਦੇ ਤਰਾਲ, ਪੁਲਵਾਮਾ, ਸ਼ੋਪੀਆ ਅਤੇ ਕੁਲਗਾਮ 'ਚ ਅੱਤਵਾਦੀਆਂ ਨੇ 8 ਤੋਂ ਜ਼ਿਆਦਾ ਪੁਲਸ ਐੱਸ. ਪੀ. ਓ. ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਦੇ ਨਾਲ ਹੀ ਅੱਤਵਾਦੀ ਸੰਗਠਨਾਂ ਨੇ ਤਰਾਲ, ਕੁਲਗਾਮ ਅਤੇ ਸ਼ੋਪੀਆ 'ਚ ਧਮਕੀ ਭਰੇ ਪੋਸਟਰ ਜਾਰੀ ਕਰ ਕੇ ਐੱਸ. ਪੀ. ਓ. ਨੂੰ ਨੌਕਰੀ ਛੱਡਣ ਅਤੇ ਪੁਲਸ ਦੀ ਸਹਾਇਤਾ ਕਰਨ 'ਤੇ ਮੁਆਫੀ ਮੰਗਣ ਦਾ ਫਰਮਾਨ ਸੁਣਾਇਆ ਹੈ। ਫਰਮਾਨ ਨਾ ਮੰਨਣ ਵਾਲਿਆਂ ਨੂੰ ਅੱਤਵਾਦੀ ਸੰਗਠਨਾਂ ਵਲੋਂ ਗੰਭੀਰ ਨਤੀਜਿਆਂ ਦੀ ਧਮਕੀ ਵੀ ਦਿੱਤੀ ਗਈ ਹੈ। ਤਰਾਲ ਤੋਂ ਮਿਲੀ ਜਾਣਕਾਰੀ ਮੁਤਾਬਕ, ਪਸਤੁਨਾ ਸਥਿਤ ਮਸਜਿਦ 'ਚ ਇਮਾਮ ਨੇ ਨਮਾਜ਼ ਏ ਜੁੰਮਾ ਤੋਂ ਸਾਬਕਾ 6 ਐੱਸ. ਪੀ. ਓ. ਦੇ ਨਾਮ ਲੈਂਦੇ ਹੋਏ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਪੁਲਸ ਦੀ ਨੌਕਰੀ ਛੱਡ ਦਿੱਤੀ ਹੈ।


Related News