Exit Poll : ਜੰਮੂ ''ਚ ਚੱਲਿਆ ਭਾਜਪਾ ਦਾ ਜਾਦੂ, ਛੋਟੀਆਂ ਪਾਰਟੀਆਂ ਤੇ ਆਜ਼ਾਦ ਬਣਨਗੇ ਕਿੰਗ ਮੇਕਰ
Saturday, Oct 05, 2024 - 11:12 PM (IST)
ਜੰਮੂ, (ਸੰਜੀਵ ਦੂਬੇ)- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਸ਼ਨੀਵਾਰ ਨੂੰ ਆਉਣ ਤੋਂ ਬਾਅਦ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਵਿਚ ਖੁਸ਼ੀ ਦੀ ਲਹਿਰ ਹੈ। ਦੂਜੇ ਪਾਸੇ ਜੰਮੂ ਡਿਵੀਜ਼ਨ ਵਿਚ ਭਾਜਪਾ ਤੇ ਕਸ਼ਮੀਰ ਡਿਵੀਜ਼ਨ ਵਿਚ ਨੈਸ਼ਨਲ ਕਾਨਫਰੰਸ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਗਿਣਤੀ ਹਾਲਾਂਕਿ 8 ਅਕਤੂਬਰ ਨੂੰ ਹੋਣੀ ਹੈ ਅਤੇ ਓਦੋਂ ਹੀ ਅਸਲੀ ਨਤੀਜੇ ਮਿਲਣਗੇ ਪਰ ਐਗਜ਼ਿਟ ਪੋਲ ਨੇ ਚੋਣ ਨਤੀਜਿਆਂ ਦੇ ਰੋਮਾਂਚ ਨੂੰ ਵਧਾਉਣ ਦਾ ਕੰਮ ਕੀਤਾ ਹੈ।
ਇੰਡੀਆ ਟੂਡੇ ਸੀ ਵੋਟਰ ਦੇ ਐਗਜ਼ਿਟ ਪੋਲ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਨੂੰ 40 ਤੋਂ 48 ਸੀਟਾਂ ਮਿਲ ਰਹੀਆਂ ਹਨ। ਅਜਿਹੇ ’ਚ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਭਾਜਪਾ ਦੇ 27 ਤੋਂ 32, ਪੀ. ਡੀ. ਪੀ. 6 ਤੋਂ 12 ਸੀਟਾਂ, ਆਜ਼ਾਦ ਅਤੇ ਹੋਰ ਪਾਰਟੀਆਂ ਨੂੰ 6 ਤੋਂ 11 ਸੀਟਾਂ ’ਤੇ ਜਿੱਤ ਦਿਖਾਈ ਗਈ ਹੈ।
ਰਿਪਬਲਿਕ ਅਤੇ ਗੁਲਿਸਤਾਨ ਐਗਜ਼ਿਟ ਪੋਲ ’ਚ ਭਾਜਪਾ ਦੀਆਂ 28 ਤੋਂ 30 ਸੀਟਾਂ, ਨੈਸ਼ਨਲ ਕਾਨਫਰੰਸ ਦੀਆਂ 30, ਪੀ. ਡੀ. ਪੀ. ਦੀਆਂ 5 ਤੋਂ 7 ਸੀਟਾਂ ਅਤੇ ਕਾਂਗਰਸ ਦੀਆਂ 6 ਸੀਟਾਂ ’ਤੇ ਜਿੱਤ ਦਿਖਾਈ ਜਾ ਰਹੀ ਹੈ। ਆਜ਼ਾਦ ਤੇ ਛੋਟੀਆਂ ਪਾਰਟੀਆਂ ਨੂੰ 8 ਤੋਂ 16 ਸੀਟਾਂ ’ਤੇ ਜਿੱਤ ਦਿਖਾਈ ਗਈ ਹੈ।
ਇਕ ਹੋਰ ਐਗਜ਼ਿਟ ਪੋਲ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੂੰ 35 ਤੋਂ 40 ਸੀਟਾਂ, ਭਾਜਪਾ ਨੂੰ 20 ਤੋਂ 25 ਸੀਟਾਂ ਅਤੇ ਪੀ. ਡੀ. ਪੀ. 4 ਤੋਂ 7 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। ਹੋਰ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ 12 ਤੋਂ 18 ਸੀਟਾਂ ਮਿਲਣ ਦੀ ਉਮੀਦ ਹੈ।
ਪੀਪਲਜ਼ ਪਲਸ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 23 ਤੋਂ 27 ਸੀਟਾਂ, ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗੱਠਜੋੜ ਨੂੰ 46 ਤੋਂ 50 ਸੀਟਾਂ, ਪੀ. ਡੀ. ਪੀ. ਨੂੰ 7 ਤੋਂ 11 ਸੀਟਾਂ ਅਤੇ ਹੋਰਨਾਂ ਨੂੰ 4 ਤੋਂ 6 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ।
ਐਗਜ਼ਿਟ ਪੋਲ ਦੇ ਨਤੀਜਿਆਂ ਦੀ ਮੰਨੀਏ ਤਾਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ’ਚ 46 ਸੀਟਾਂ ਦਾ ਜਾਦੂਈ ਅੰਕੜਾ ਹਾਸਲ ਕਰਨ ’ਚ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਅਜਿਹੇ ’ਚ ਭਾਜਪਾ ਸਮੇਤ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਨੇ ਸਰਕਾਰ ਬਣਾਉਣ ਲਈ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।