ਮੰਡੀ ''ਚ 4 ਕਿਲੋ 702 ਗ੍ਰਾਮ ਚਰਸ ਸਣੇ ਜੰਮੂ-ਕਸ਼ਮੀਰ ਦਾ ਤਸਕਰ ਗ੍ਰਿਫਤਾਰ
Sunday, Nov 17, 2024 - 09:04 PM (IST)
ਸੁੰਦਰਨਗਰ (ਸੋਨੀ) : ਮੰਡੀ ਜ਼ਿਲ੍ਹੇ ਅਧੀਨ ਪੈਂਦੇ ਬੀ.ਐੱਸ.ਐੱਲ.ਥਾਣਾ ਦੀ ਪੁਲਸ ਟੀਮ ਨੇ ਨਸ਼ਾ ਤਸਕਰੀ ਖਿਲਾਫ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਐਤਵਾਰ ਨੂੰ ਨਰੇਸ਼ ਚੌਕ 'ਤੇ ਨਾਕਾਬੰਦੀ ਦੌਰਾਨ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਮਨਾਲੀ-ਚੰਡੀਗੜ੍ਹ ਬੱਸ ਦੀ ਚੈਕਿੰਗ ਕਰਦੇ ਹੋਏ ਪੁਲਸ ਨੇ ਇਕ ਤਸਕਰ ਦੇ ਕਬਜ਼ੇ 'ਚੋਂ 4 ਕਿਲੋ 702 ਗ੍ਰਾਮ ਚਰਸ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਚਮਨ ਲਾਲ ਪੁੱਤਰ ਹੰਸ ਰਾਜ ਵਾਸੀ ਪਲੂਰਾ, ਡਾਕਖਾਨਾ ਮਾਵਾ, ਜ਼ਿਲ੍ਹਾ ਸਾਂਬਾ (ਜੰਮੂ-ਕਸ਼ਮੀਰ) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਸ ਦੀ ਇਹ ਕਾਰਵਾਈ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਸੁੰਦਰਨਗਰ ਇਲਾਕੇ 'ਚ ਨਸ਼ਿਆਂ ਵਿਰੁੱਧ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਚਮਨ ਲਾਲ ਬੱਸ 'ਚ ਚਰਸ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਸ ਦੀ ਚੌਕਸੀ ਕਾਰਨ ਉਸ ਦੀ ਕੋਸ਼ਿਸ਼ ਨਾਕਾਮ ਹੋ ਗਈ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਨਾਲ ਸਬੰਧਤ ਹੋਰ ਸਮੱਗਲਰਾਂ ਅਤੇ ਸਪਲਾਈ ਚੇਨਾਂ ਦਾ ਵੀ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਸਬੰਧੀ ਕੋਈ ਵੀ ਸੂਚਨਾ ਪੁਲਸ ਨਾਲ ਸਾਂਝੀ ਕਰਨ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।