ਟੈਰਰ ਫੰਡਿੰਗ ਨਾਲ ਜੁੜੇ ਮਾਮਲੇ ’ਚ ਐੱਸ. ਆਈ. ਏ. ਨੇ 3 ਥਾਵਾਂ ’ਤੇ ਚਲਾਈ ਤਲਾਸ਼ੀ ਮੁਹਿੰਮ
Friday, Jul 11, 2025 - 08:39 PM (IST)

ਜੰਮੂ/ਸ੍ਰੀਨਗਰ, (ਅਰੁਣ)- ਰਾਜ ਜਾਂਚ ਏਜੰਸੀ (ਐੱਸ. ਆਈ. ਏ.) ਕਸ਼ਮੀਰ ਨੇ ਟੈਰਰ ਫੰਡਿੰਗ ਨਾਲ ਜੁੜੇ ਇਕ ਮਾਮਲੇ ’ਚ ਜੰਮੂ, ਡੋਡਾ ਅਤੇ ਹੰਦਵਾੜਾ ’ਚ 3 ਸ਼ੱਕੀ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਨ੍ਹਾਂ ਤਲਾਸ਼ੀਆਂ ਦਾ ਮਕਸਦ ਕ੍ਰਿਪਟੋ ਕਰੰਸੀ ਦੇ ਜ਼ਰੀਏ ਸਰਹੱਦ ਪਾਰੋਂ ਪੈਸਾ ਜੁਟਾਉਣ ਦੀ ਇਕ ਗੁੰਝਲਦਾਰ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਹਿਮ ਸਬੂਤ ਇਕੱਠੇ ਕਰਨਾ ਸੀ, ਜਿਸ ਨਾਲ ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਉਤਸ਼ਾਹ ਦੇਣ ਅਤੇ ਸ਼ਾਂਤੀ ਭੰਗ ਕਰਨ ਦੀਆਂ ਕਾਰਵਾਈਆਂ ਦੇ ਤਾਰ ਜੁੜੇ ਹੋਣ ਦਾ ਖਦਸ਼ਾ ਸੀ।
ਇਸ ਤੋਂ ਇਲਾਵਾ ਇਨ੍ਹਾਂ ਮੁਹਿੰਮਾਂ ਰਾਹੀਂ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਸਥਾਨਕ ਨੌਜਵਾਨਾਂ ਨੂੰ ਭਾਰਤ ਸੰਘ ਦੇ ਵਿਰੁੱਧ ਭੜਕਾ ਕੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੇ ਹਨ। ਐੱਸ. ਆਈ. ਏ. ਵੱਲੋਂ ਇਸ ਸਬੰਧ ’ਚ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਤਲਾਸ਼ੀ ਮੁਹਿੰਮ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਕਾਨੂੰਨ ਦੀ ਧਾਰਾ 18, 38 ਅਤੇ 39 ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 120-ਬੀ., 121 ਅਤੇ 121-ਏ ਦੇ ਤਹਿਤ ਸੀ. ਆਈ.-ਐੱਸ. ਆਈ. ਏ. ਕਸ਼ਮੀਰ ’ਚ ਦਰਜ ਐੱਫ. ਆਈ. ਆਰ. ਨੰਬਰ 12/2022 ਦੇ ਤਹਿਤ ਜਾਰੀ ਜਾਂਚ ਦਾ ਹਿੱਸਾ ਹੈ।
ਬਿਆਨ ਅਨੁਸਾਰ ਇਨ੍ਹਾਂ ਤਲਾਸ਼ੀਆਂ ’ਚ ਅਹਿਮ ਸਬੂਤ ਮਿਲੇ ਹਨ, ਜੋ ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਉਤਸ਼ਾਹ ਦੇਣ ਵਾਲੇ ਗੁਪਤ ਵਿੱਤੀ ਨੈੱਟਵਰਕ ਨੂੰ ਉਜਾਗਰ ਕਰਨ ’ਚ ਇਕ ਵੱਡੀ ਸਫਲਤਾ ਹੈ। ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਬਰਾਮਦ ਵਸਤਾਂ ਅਤੇ ਇਲੈਕਟ੍ਰਾਨਿਕ ਉਪਕਰਨਾਂ ਨਾਲ ਐੱਸ. ਆਈ. ਏ. ਨੂੰ ਇਸ ਰਾਸ਼ਟਰ-ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ਵਾਲੇ ਸਹਿ-ਸਾਜ਼ਿਸ਼ਕਾਰਾਂ ਅਤੇ ਸਹਿਯੋਗੀਆਂ ਦੀ ਪਛਾਣ ਕਰਨ ਸਮੇਤ ਉਨ੍ਹਾਂ ਨੂੰ ਗ੍ਰਿਫਤਾਰ ਕਰਨ ’ਚ ਸਹਾਇਤਾ ਮਿਲਣ ਦੀ ਉਮੀਦ ਹੈ।