ਸ਼ੋਪੀਆਂ ਫਰਜ਼ੀ ਮੁਕਾਬਲਾ ਮਾਮਲਾ : ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਕਬਰਾਂ ''ਚੋਂ ਕੱਢ ਪਰਿਵਾਰਾਂ ਨੂੰ ਸੌਂਪੀਆਂ ਗਈਆਂ

10/3/2020 2:34:23 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਇਸ ਸਾਲ ਜੁਲਾਈ 'ਚ ਫੌਜ ਵਲੋਂ ਕਥਿਤ ਫਰਜ਼ੀ ਮੁਕਾਬਲੇ 'ਚ ਮਾਰੇ ਗਏ ਰਾਜੌਰੀ ਦੇ ਤਿੰਨ ਲੋਕਾਂ ਦੀਆਂ ਲਾਸ਼ਾਂ ਕਬਰਾਂ 'ਚੋਂ ਕੱਢ ਕੇ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਕਸ਼ਮੀਰ 'ਚ ਇਕ ਅਣਪਛਾਤੇ ਸਥਾਨ 'ਤੇ ਸ਼ੁੱਕਰਵਾਰ ਦੇਰ ਰਾਤ ਲਾਸ਼ਾਂ ਨੂੰ ਕੱਢਣ ਦਾ ਕੰਮ ਕੀਤਾ ਗਿਆ ਸੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ ਸੀ ਲਾਸ਼ਾਂ ਨੂੰ ਕਬਰਾਂ 'ਚੋਂ ਕੱਢ ਕੇ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਪੂਰੀ ਹੋ ਜਾਵੇਗੀ। ਅਧਿਕਾਰੀਆਂ ਨੇ ਕਿਹਾ,''ਤਿੰਨਾਂ ਲੋਕਾਂ ਦੀਆਂ ਲਾਸ਼ਾਂ ਕਬਰਾਂ 'ਚੋਂ ਕੱਢੀਆਂ ਗਈਆਂ ਅਤੇ ਫਿਰ ਉਨ੍ਹਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।'' ਉਨ੍ਹਾਂ ਨੇ ਕਿਹਾ ਕਿ ਤਿੰਨਾਂ ਦੇ ਪਰਿਵਾਰ ਵਾਲਿਆਂ ਨੂੰ ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਤੋਂ ਬੁਲਾਇਆ ਗਿਆ ਸੀ ਅਤੇ ਉਸ ਸਥਾਨ 'ਤੇ ਲਿਜਾਇਆ ਗਿਆ, ਜਿੱਥੇ ਤਿੰਨਾਂ ਨੂੰ ਦਫ਼ਨ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਤਿੰਨਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੀਆਂ ਲਾਸ਼ਾਂ ਆਪਣੀ ਜੱਦੀ ਪਿੰਡ ਲਿਜਾ ਕੇ ਉਨ੍ਹਾਂ ਨੂੰ ਦਫਨਾਉਣਗੇ। 

ਇਸ ਤੋਂ ਪਹਿਲਾਂ 30 ਸਤੰਬਰ ਨੂੰ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਸੀ ਕਿ ਮ੍ਰਿਤਕਾਂ ਦੇ ਡੀ.ਐੱਨ.ਏ. ਦੇ ਨਮੂਨਿਆਂ ਦਾ ਪਰਿਵਾਰ ਦੇ ਮੈਂਬਰਾਂ ਦੇ ਡੀ.ਐੱਨ.ਏ. ਨਾਲ ਮਿਲਾਨ ਹੋ ਗਿਆ ਹੈ। ਇਸ ਲਈ ਤਿੰਨਾਂ ਲਾਸ਼ਾਂ ਨੂੰ ਬਾਹਰ ਕੱਢ ਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਦੱਸਣਯੋਗ ਹੈ ਕਿ 18 ਜੁਲਾਈ ਨੂੰ ਫੌਜ ਨੇ ਦਾਅਵਾ ਕੀਤਾ ਸੀ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਉੱਚਾਈ ਵਾਲੇ ਇਲਾਕੇ ਦੇ ਅਮਸ਼ੀਪੁਰਾ ਪਿੰਡ 'ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਬਾਅਦ 'ਚ ਸੋਸ਼ਲ ਮੀਡੀਆ 'ਤੇ ਖ਼ਬਰਾਂ ਆਈਆਂ ਕਿ ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਤਿੰਨ ਲੋਕ ਅਮਸ਼ੀਪੁਰਾ 'ਚ ਲਾਪਤਾ ਹੋ ਗਏ ਹਨ, ਜਿਸ ਤੋਂ ਬਾਅਦ ਫੌਜ ਨੇ ਜਾਂਚ ਸ਼ੁਰੂ ਕੀਤੀ। ਸ਼ੋਪੀਆਂ 'ਚ ਮਜ਼ਦੂਰੀ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਪਰਿਵਾਰਾਂ ਨੇ ਵੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਫੌਜ ਨੇ ਰਿਕਾਰਡ ਚਾਰ ਹਫ਼ਤੇ 'ਚ ਜਾਂਚ ਪੂਰੀ ਕਰਨ ਤੋਂ ਬਾਅਦ 18 ਸਤੰਬਰ ਨੂੰ ਕਿਹਾ ਕਿ ਪਹਿਲੀ ਨਜ਼ਰ ਉਸ ਨੇ ਪਾਇਆ ਹੈ ਕਿ ਉਸ ਦੇ ਫੌਜੀਆਂ ਨੇ ਮੁਕਾਬਲੇ ਦੌਰਾਨ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰੀ ਐਕਟ ਦੇ ਅਧੀਨ ਮਿਲੀਆਂ ਸ਼ਕਤੀਆਂ ਤੋਂ ਪਰ੍ਹੇ ਜਾ ਕੇ ਕੰਮ ਕੀਤਾ ਹੈ ਅਤੇ ਉਸ ਨੇ ਇਸ ਸੰਬੰਧ 'ਚ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕੀਤੀ ਹੈ। ਪੁਲਸ ਨੇ ਵੀ ਆਪਣੀ ਜਾਂਚ ਸ਼ੁਰੂ ਕਰਦੇ ਹੋਏ ਮ੍ਰਿਤਕਾਂ ਨਾਲ ਮਿਲਾਨ ਕਰਨ ਲਈ ਉਨ੍ਹਾਂ ਦੇ ਪਰਿਵਾਰ ਦੇ ਡੀ.ਐੱਨ.ਏ. ਨਮੂਨੇ ਲਏ ਸਨ।


DIsha

Content Editor DIsha