ਮਲਿਕ ਦੀ ਪਾਕਿ ਨੂੰ ਚਿਤਾਵਨੀ- ਹੁਣ ਵੀ ਬਾਜ਼ ਨਾ ਆਇਆ ਤਾਂ ਘਰ ਜਾ ਕੇ ਮਾਰਾਂਗੇ

10/21/2019 5:37:06 PM

ਜੰਮੂ— ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਸੱਤਿਆਪਾਲ ਮਲਿਕ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਅੱਤਵਾਦੀ ਕੈਂਪਾਂ ਨੂੰ ਬਿਲਕੁੱਲ ਬਰਬਾਦ ਕਰ ਦੇਵਾਂਗੇ। ਫਿਰ ਵੀ ਪਾਕਿਸਤਾਨ ਬਾਜ਼ ਨਹੀਂ ਆਇਆ ਤਾਂ ਘਰ ਦੇ ਅੰਦਰ ਜਾ ਕੇ ਜਵਾਬ ਦੇਵਾਂਗੇ। ਸੱਤਿਆਪਾਲ ਮਲਿਕ ਨੇ ਕਿਹਾ ਕਿ ਯੁੱਧ ਇਕ ਬੁਰੀ ਚੀਜ਼ ਹੈ ਅਤੇ ਪਾਕਿਸਤਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਕਿਵੇਂ ਵਤੀਰਾ ਕਰਨਾ ਚਾਹੀਦਾ ਹੈ। ਜੇਕਰ ਪਾਕਿਸਤਾਨ ਨਹੀਂ ਸੁਧਰੇਗਾ ਤਾਂ ਅਸੀਂ ਕੱਲ ਵਰਗੀ ਕਾਰਵਾਈ ਕਰਾਂਗੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਤੇ ਸਾਬਕਾ ਫੌਜ ਮੁਖੀ ਵੀ.ਕੇ. ਸਿੰਘ ਨੇ ਕਿਹਾ ਕਿ ਘੁਸਪੈਠ ਦੀ ਕੋਸ਼ਿਸ਼ 'ਚ ਅਸਫ਼ਲ ਹੋਣ 'ਤੇ ਪਾਕਿਸਤਾਨ ਬੌਖਲਾ ਗਿਆ ਹੈ। ਇਸ ਕਾਰਨ ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ। ਵੀ.ਕੇ. ਸਿੰਘ ਨੇ ਕਿਹਾ ਕਿ ਜੇਕਰ ਪਾਕਿਸਤਾਨ ਵਲੋਂ ਅਜਿਹੀ ਹਰਕਤ ਹੋਵੇਗੀ ਤਾਂ ਅਸੀਂ ਮੂੰਹ ਤੋੜ ਜਵਾਬ ਦਿੰਦੇ ਰਹਾਂਗੇ। ਪਾਕਿਸਤਾਨ ਹਮੇਸ਼ਾ ਯੁੱਧ ਕਰਦਾ ਹੈ। ਪਹਿਲੇ ਉਸ ਨੂੰ ਆਪਣਾ ਘਰ ਦੇਖਣਾ ਚਾਹੀਦਾ।

ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੇ ਸਰਹੱਦ 'ਤੇ ਲਗਾਤਾਰ ਜੰਗਬੰਦੀ ਕੀਤੀ ਜਾ ਰਹੀ ਹੈ। ਫੌਜ ਮੁਖੀ ਜਨਰਲ ਬਿਪਿਨ ਰਾਵਤ ਐਤਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ ਕਰਨ ਤੋਂ ਬਾਅਦ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਚਾਰ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਕਈ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ।

ਫੌਜ ਮੁਖੀ ਨੇ ਕਿਹਾ ਸੀ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੇਰਨ, ਤੰਗਧਾਰ ਅਤੇ ਨੌਗਾਮ ਸੈਕਟਰਾਂ ਦੇ ਸਾਹਮਣੇ ਸਥਿਤ ਪੀ.ਓ.ਕੇ. ਦੇ ਇਲਾਕੇ 'ਚ ਅੱਤਵਾਦੀ ਕੈਂਪ ਚੱਲ ਰਹੇ ਹਨ। ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ 6 ਤੋਂ 10 ਪਾਕਿਸਤਾਨੀ ਜਵਾਨ ਮਾਰੇ ਗਏ ਹਨ। ਇੰਨੀ ਹੀ ਗਿਣਤੀ 'ਚ ਅੱਤਵਾਦੀ ਵੀ ਮਾਰੇ ਗਏ ਹਨ। ਵਧ ਗਿਣਤੀ 'ਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ, ਜਿਸ ਬਾਰੇ ਅਸੀਂ ਬਾਅਦ 'ਚ ਸੂਚਿਤ ਕਰਾਂਗੇ। ਸਾਡੇ ਕੋਲ ਹਮਲੇ 'ਚ ਘੱਟੋ-ਘੱਟ ਤਿੰਨ ਅੱਤਵਾਦੀ ਕੈਂਪਾਂ ਦੇ ਤਬਾਹ ਕੀਤੇ ਜਾਣ ਦੀ ਪੱਕੀ ਸੂਚਨਾ ਹੈ। ਇਸ ਹਮਲੇ 'ਚ ਚੌਥੇ ਕੈਂਪ ਨੂੰ ਵੀ ਨੁਕਸਾਨ ਪਹੁੰਚਿਆ ਹੈ।


DIsha

Content Editor

Related News