ਕਸ਼ਮੀਰ ਘਾਟੀ ’ਚ ਠੰਡ ਦਾ ਕਹਿਰ ਜਾਰੀ, ਲੋਕਾਂ ਨੂੰ ਦਿੱਤੀ ਗਈ ਇਹ ਚਿਤਾਵਨੀ
Thursday, Jan 21, 2021 - 04:33 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਹਿੱਸਿਆਂ ’ਚ ਤਾਪਮਾਨ ’ਚ ਗਿਰਾਵਟ ਅਤੇ ਇਸ ਦੇ ਆਮ ਤੋਂ ਕਈ ਡਿਗਰੀ ਹੇਠਾਂ ਚੱਲੇ ਜਾਣ ਕਾਰਨ ਠੰਡ ਦਾ ਕਹਿਰ ਜਾਰੀ ਹੈ। ਮੌਸਮ ਮਹਿਕਮੇ ਦੇ ਇਕ ਬੁਲਾਰੇ ਮੁਤਾਬਕ ਘੱਟੋ-ਘੱਟ ਤਾਪਮਾਨ ਦੇ ਨਾਲ-ਨਾਲ ਘਾਟੀ ਵਿਚ ਮੀਂਹ ਦੀ ਵਜ੍ਹਾ ਕਰ ਕੇ ਤਾਪਮਾਨ ’ਚ ਗਿਰਾਵਟ ਦੇਖੀ ਗਈ ਹੈ। ਇੱਥੇ ਸ਼ੁੱਕਰਵਾਰ ਨੂੰ ਮੁੜ ਤੋਂ ਬਰਫ਼ਬਾਰੀ ਹੋ ਸਕਦੀ ਹੈ, ਹਾਲਾਂਕਿ ਅਗਲੇ 24 ਘੰਟਿਆਂ ਦੌਰਾਨ ਘਾਟੀ ਵਿਚ ਮੌਸਮ ਖ਼ੁਸ਼ਕ ਰਹੇਗਾ। ਬੁਲਾਰੇ ਨੇ ਕਿਹਾ ਕਿ ਬੁੱਧਵਾਰ ਨੂੰ ਰਾਤ ਦੇ ਤਾਪਮਾਨ ਵਿਚ ਆਈ ਗਿਰਾਵਟ ਮਗਰੋਂ ਵੀਰਵਾਰ ਨੂੰ ਠੰਡੀਆਂ ਹਵਾਵਾਂ ਨਾਲ ਪਏ ਮੀਂਹ ਕਾਰਨ ਠੰਡ ਦਾ ਕਹਿਰ ਜਾਰੀ ਰਿਹਾ।
ਹਾਲਤ ਇਹ ਹੈ ਕਿ ਸ਼੍ਰੀਨਗਰ ਦੀ ਵਿਸ਼ਵ ਪ੍ਰਸਿੱਧ ਡਲ ਝੀਲ ਅਤੇ ਹੋਰ ਪਾਣੀ ਦੇ ਸੋਮੇ ਜੰਮੇ ਹੋਏ ਹਨ। ਅਧਿਕਾਰੀਆਂ ਨੇ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਜੰਮੇ ਹੋਏ ਪਾਣੀ ’ਤੇ ਨਾ ਚੱਲਣ ਦੀ ਚਿਤਾਵਨੀ ਦਿੱਤੀ ਹੈ।
ਬੁੱਧਵਾਰ ਨੂੰ ਸਿਫ਼ਰ ਤੋਂ 6 ਡਿਗਰੀ ਘੱਟ ਤਾਪਮਾਨ ਦੀ ਤੁਲਨਾ ’ਚ ਰਾਤ ਨੂੰ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 7 ਡਿਗਰੀ ਘੱਟ ਰਿਹਾ, ਜੋ ਆਮ ਤੋਂ 5 ਡਿਗਰੀ ਸੈਲਸੀਅਸ ਘੱਟ ਹੈ। ਇਸ ਤੋਂ ਇਲਾਵਾ ਗੁਲਮਰਗ ਦੇ ਸਕੀ ਰਿਜ਼ਾਰਟ ਵਿਚ ਬੁੱਧਵਾਰ ਨੂੰ ਸਿਫ਼ਰ ਤੋਂ 6 ਡਿਗਰੀ ਘੱਟ ਘੱਟੋ-ਘੱਟ ਤਾਪਮਾਨ ਦੀ ਤੁਲਨਾ ’ਚ ਰਾਤ ਨੂੰ ਤਾਪਮਾਨ ਸਿਫ਼ਰ ਤੋਂ 7.8 ਡਿਗਰੀ ਘੱਟ ਰਿਹਾ, ਜੋ ਆਮ ਤੋਂ ਕੁਝ ਹੀ ਘੱਟ ਹੈ। ਗੁਲਮਰਗ ਤੋਂ ਇਕ ਹੋਟਲ ਮਾਲਕ ਨੇ ਦੱਸਿਆ ਕਿ ਰਿਜ਼ਾਰਟ ਦੇ ਸਾਰੇ ਹੋਟਲ ਬੁੱਕ ਹਨ ਅਤੇ ਸੈਲਾਨੀ ਬਹੁਤ ਖੁਸ਼ ਹਨ। ਉਨ੍ਹਾਂ ਦੇ ਕਾਰੋਬਾਰ ਵਿਚ ਤੇਜ਼ੀ ਆਈ ਹੈ।