ਗਵਰਨਰ ਦੀ ਅੱਤਵਾਦੀਆਂ ਨੂੰ ਅਪੀਲ- ''ਹਥਿਆਰ ਸੁੱਟ ਕੇ ਮੇਰੇ ਨਾਲ ਭੋਜਨ ਕਰਨ ਆਉਣ''

Thursday, Jun 13, 2019 - 11:05 AM (IST)

ਗਵਰਨਰ ਦੀ ਅੱਤਵਾਦੀਆਂ ਨੂੰ ਅਪੀਲ- ''ਹਥਿਆਰ ਸੁੱਟ ਕੇ ਮੇਰੇ ਨਾਲ ਭੋਜਨ ਕਰਨ ਆਉਣ''

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਅੱਤਵਾਦੀਆਂ ਨੂੰ ਹਥਿਆਰ ਸੁੱਟ ਦੇਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਤਵਾਦੀ ਹਿੰਸਾ ਦਾ ਰਾਹ ਛੱਡ ਕੇ ਮੇਰੇ ਨਿਵਾਸ ਵਿਖੇ ਆਉਣ, ਅਸੀਂ ਮਿਲ ਕੇ ਦੁਪਹਿਰ ਦਾ ਭੋਜਨ ਕਰਾਂਗੇ। ਫਿਰ ਮੈਨੂੰ ਦੱਸਣ ਕਿ ਜਿਸ ਰਾਹ ਨੂੰ ਤੁਸੀਂ ਚੁਣਿਆ ਹੈ, ਉਸ ਤੋਂ ਕਸ਼ਮੀਰ ਨੂੰ ਕੀ ਮਿਲੇਗਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਨਵੀਆਂ ਉਚਾਈਆਂ 'ਤੇ ਗੋਲੀਆਂ ਨਾਲ ਨਹੀਂ, ਵੋਟਾਂ ਨਾਲ ਪੁੱਜੇਗਾ। ਹਿੰਸਾ ਰਾਹੀਂ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਗੁਆਂਢੀ ਦੇਸ਼ ਪਾਕਿਸਤਾਨ ਭਾਵੇਂ ਅਜੇ ਵੀ ਅੱਤਵਾਦੀਆਂ ਨੂੰ ਸਿਖਲਾਈ ਦੇ ਕੇ ਜੰਮੂ-ਕਸ਼ਮੀਰ ਵਿਚ ਭੇਜ ਰਿਹਾ ਹੈ ਪਰ ਨਵੇਂ ਸਥਾਨਕ ਨੌਜਵਾਨਾਂ ਦੇ ਅੱਤਵਾਦ ਨਾਲ ਜੁੜਨ ਵਿਚ ਕਮੀ ਆਈ ਹੈ।

ਗਵਰਨਰ ਨੇ ਕਿਹਾ ਕਿ ਮੈਂ ਹੁਰੀਅਤ ਆਗੂਆਂ ਦਾ ਸਤਿਕਾਰ ਕਰਦਾ ਹਾਂ ਪਰ ਉਨ੍ਹਾਂ ਦਾ ਮਕਸਦ ਗਲਤ ਹੈ। ਕੇਂਦਰ ਸਰਕਾਰ ਨੇ ਵੀ ਗਲਤੀਆਂ ਕੀਤੀਆਂ ਹਨ ਪਰ ਸਥਾਨਕ ਲੀਡਰਸ਼ਿਪ ਲੋਕਾਂ ਨੂੰ ਧੋਖਾ ਦੇਣ ਲਈ ਵਧੇਰੇ ਦੋਸ਼ੀ ਹੈ। ਦਿੱਲੀ ਦਾ ਮੀਡੀਆ ਕਸ਼ਮੀਰ ਨੂੰ ਇਕ ਖਤਰਨਾਕ ਥਾਂ ਵਜੋਂ ਵਿਖਾਉਂਦਾ ਹੈ, ਜਦਕਿ ਮੇਰਠ ਅਤੇ ਯੂ. ਪੀ. ਦੀਆਂ ਕਈ ਥਾਵਾਂ 'ਤੇ ਸੈਲਾਨੀਆਂ ਨਾਲ ਰੋਜ਼ਾਨਾ ਲੁੱਟ-ਖੋਹ ਹੁੰਦੀ ਹੈ। ਮੰਦਭਾਗੀ ਗੱਲ ਹੈ ਕਿ ਕਸ਼ਮੀਰ ਦੇ ਅਕਸ ਨੂੰ ਹੀ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਕਸ਼ਮੀਰ ਵਾਦੀ ਵਿਚ ਸੈਲਾਨੀ ਲਿਆਉਣ ਲਈ ਉਹ ਸਰਕਾਰ ਦੀ ਮਦਦ ਕਰਨ।

ਮਲਿਕ ਨੇ ਕਿਹਾ ਕਿ ਇਥੇ ਲੋਕ ਸਭਾ ਦੀਆਂ ਚੋਣਾਂ ਕਰਵਾਉਣੀਆਂ ਔਖੀਆਂ ਸਨ ਪਰ ਅਸੀਂ ਚੋਣਾਂ ਦੇ ਬਾਈਕਾਟ ਦੇ ਐਲਾਨ ਦੇ ਬਾਵਜੂਦ ਇਥੇ ਵੋਟਾਂ ਪੁਆਈਆਂ। ਕਈ ਥਾਵਾਂ 'ਤੇ ਵੋਟਾਂ ਦੀ ਫੀਸਦੀ ਘੱਟ ਵੇਖੀ ਗਈ ਪਰ ਫਿਰ ਵੀ ਲੋਕਾਂ ਨੇ ਆਪਣੇ ਪ੍ਰਤੀਨਿਧੀ ਚੁਣੇ। ਉਨ੍ਹਾਂ ਕਿਹਾ ਕਿ ਅਸੀਂ ਲੱਦਾਖ ਨੂੰ ਯੂਨੀਵਰਸਿਟੀ ਦਿੱਤੀ, ਕਾਰਗਿਲ ਦੇ ਲੋਕਾਂ ਨੂੰ ਏਅਰਪੋਰਟ ਵਰਗੀ ਸਹੂਲਤ ਦਿੱਤੀ ਅਤੇ 70 ਹਜ਼ਾਰ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ। ਮੇਰੇ ਆਪਣੇ ਵਟਸਐਪ ਨੰਬਰ 'ਤੇ ਵੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਓਧਰ ਜੰਮੂ-ਕਸ਼ਮੀਰ ਚੀਫ ਸੈਕਟਰੀ ਨੇ ਇਸ ਮੌਕੇ 'ਤੇ ਕਿਹਾ ਕਿ ਇਸ ਸਾਲ ਹੁਣ ਤੱਕ 2 ਲੱਖ ਤੋਂ ਵੱਧ ਸੈਲਾਨੀ ਕਸ਼ਮੀਰ ਆਏ ਹਨ। ਸਾਲ ਦੇ ਅੰਤ ਤੱਕ 10 ਲੱਖ ਸੈਲਾਨੀਆਂ ਦੇ ਆਉਣ ਦੀ ਸੰਭਾਵਨਾ ਹੈ। ਅਸੀਂ ਆਪਣੀ ਸੈਰ-ਸਪਾਟਾ ਵਿਕਾਸ ਅਥਾਰਟੀ ਨੂੰ ਮੁੜ ਤੋਂ ਤਿਆਰ ਕਰ ਰਹੇ ਹਾਂ। ਕਸ਼ਮੀਰ ਵਿਚ ਨਵੇਂ ਖੇਤਰਾਂ ਦਾ ਵਿਕਾਸ ਕੀਤਾ ਜਾਏਗਾ।


author

Tanu

Content Editor

Related News