ਜੰਮੂ-ਕਸ਼ਮੀਰ: ਅਨੰਤਨਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 2 ਜਵਾਨ ਸ਼ਹੀਦ

Saturday, Aug 10, 2024 - 08:30 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਲਗਾਤਾਰ ਮੁਕਾਬਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਅਨੰਤਨਾਗ ਜ਼ਿਲੇ 'ਚ ਹੋਈ, ਜਿੱਥੇ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਕ ਹੋਰ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ ਹਨ। ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਕਿ ਮੁਕਾਬਲਾ ਦੁਪਹਿਰ ਨੂੰ ਅਨੰਤਨਾਗ ਜ਼ਿਲੇ ਦੇ ਅਹਲਾਨ ਗਡੋਲੇ ਇਲਾਕੇ ਵਿਚ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਗਸ਼ਤੀ ਸੁਰੱਖਿਆ ਦਲ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਦੋਵੇਂ ਜਵਾਨ ਸ਼ਹੀਦ ਹੋ ਗਏ।

ਕੋਕਰਨਾਗ ਸਬ ਡਿਵੀਜ਼ਨ ਦੇ ਸੰਘਣੇ ਜੰਗਲਾਂ 'ਚ ਇਹ ਗਸ਼ਤ ਮੁਹਿੰਮ ਚਲਾਈ ਜਾ ਰਹੀ ਸੀ, ਜੋ ਕਿ ਅੱਤਵਾਦ ਵਿਰੋਧੀ ਮੁਹਿੰਮ ਦਾ ਹਿੱਸਾ ਹੈ। ਭਾਰਤੀ ਫੌਜ ਦੇ ਵਿਸ਼ੇਸ਼ ਬਲ ਅਤੇ ਪੈਰਾਟਰੂਪਰ ਵੀ ਇਸ ਆਪਰੇਸ਼ਨ ਵਿਚ ਸ਼ਾਮਲ ਹਨ। ਇਨ੍ਹਾਂ ਬਲਾਂ ਦਾ ਉਦੇਸ਼ ਜੰਗਲ 'ਚ ਲੁਕੇ ਵਿਦੇਸ਼ੀ ਅੱਤਵਾਦੀਆਂ ਨੂੰ ਫੜਨਾ ਹੈ। ਪਿਛਲੇ ਇਕ ਸਾਲ ਵਿਚ ਕੋਕਰਨਾਗ ਇਲਾਕੇ ਵਿਚ ਇਹ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ, ਸਤੰਬਰ 2023 ਵਿਚ ਕੋਕਰਨਾਗ ਦੇ ਜੰਗਲਾਂ ਵਿਚ ਇਕ ਮੁਕਾਬਲੇ ਵਿਚ ਇਕ ਕਮਾਂਡਿੰਗ ਅਫਸਰ, ਇਕ ਮੇਜਰ ਅਤੇ ਇਕ ਡੀ.ਐੱਸ.ਪੀ. ਸ਼ਹੀਦ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਕੋਕਰਨਾਗ ਇਲਾਕੇ 'ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।


Rakesh

Content Editor

Related News