ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਦੇ ਬੇਟੇ ਨਾਲ ਜੁੜੇ ਬੈਂਕ ਧੋਖਾਧੜੀ ਮਾਮਲੇ ''ਚ ED ਨੇ ਮਾਰੇ ਛਾਪੇ

8/6/2020 3:20:34 PM

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਦੇ ਬੇਟੇ ਹਿਲਾਲ ਰਾਠੇਰ ਵਿਰੁੱਧ ਧੋਖਾਧੜੀ ਨਾਲ ਸੰਬੰਧਤ ਧਨ ਸੋਧ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਕਈ ਜਗ੍ਹਾ ਛਾਪੇਮਾਰੀ ਕੀਤੀ ਹੈ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ, ਜੰਮੂ, ਦਿੱਲੀ ਅਤੇ ਲੁਧਿਆਣਾ 'ਚ 16 ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ। ਈ.ਡੀ. ਨੇ 177 ਕਰੋੜ ਰੁਪਏ ਦੇ ਕਥਿਤ ਬੈਂਕ ਧੋਖਾਧੜੀ ਮਾਮਲੇ 'ਚ ਸੀ.ਬੀ.ਆਈ. ਦੀ ਐੱਫ.ਆਈ.ਆਰ. ਅਤੇ ਇਨਕਮ ਟੈਕਸ ਵਿਭਾਗ ਦੀ ਜਾਂਚ ਦਾ ਨੋਟਿਸ ਲੈਂਦੇ ਹੋਏ ਰਾਠੇਰ ਅਤੇ ਹੋਰ ਵਿਰੁੱਧ ਧਨ ਸੋਧ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਧਨ ਸੋਧ ਦਾ ਮਾਮਲਾ ਦਰਜ ਕੀਤਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਛਾਪੇਮਾਰੀ ਦਾ ਮਕਸਦ ਅਤੇ ਸਬੂਤ ਜੁਟਾਉਣਾ ਹੈ। ਸੀ.ਬੀ.ਆਈ. ਦਾ ਦੋਸ਼ ਹੈ ਕਿ ਹਿਲਾਲ ਰਾਠੇਰ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਦੇ ਹੋਏ 177.68 ਕਰੋੜ ਰੁਪਏ (ਲਗਭਗ) ਦਾ ਕਰਜ਼ਾ ਪ੍ਰਾਪਤ ਕਰਨ ਲਈ ਜੇ ਐਂਡ ਕੇ ਦੇ ਬੈਂਕ ਦੇ ਸਾਬਕਾ ਅਧਿਕਾਰੀਆਂ ਨਾਲ ਅਪਰਾਧਕ ਸਾਜਿਸ਼ ਨੂੰ ਅੰਜਾਮ ਦਿੱਤਾ। ਹਿਲਾਲ ਦੇ ਪਿਤਾ ਅਬਦੁੱਲ ਰਾਹਿਮ ਰਾਠੇਰ ਜੰਮੂ-ਕਸ਼ਮੀਰ ਰਾਜ ਦੇ ਸਾਬਕਾ ਵਿੱਤ ਮੰਤਰੀ ਰਹਿ ਚੁਕੇ ਹਨ। ਉਹ ਨੈਸ਼ਨਲ ਕਾਨਫਰੰਸ ਦੇ ਨੇਤਾ ਹਨ।


DIsha

Content Editor DIsha