ਧਾਰਾ-370 ਹਟਣ ਮਗਰੋਂ ਕਸ਼ਮੀਰ ਘਾਟੀ ''ਚ ਫੁੱਟ ਰਹੇ ਨੇ ਉਮੀਦਾਂ ਦੇ ਫੁੱਲ

09/17/2019 4:08:52 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ-370 ਅਤੇ 35ਏ ਖਤਮ ਹੋਣ ਮਗਰੋਂ ਜੰਮੂ ਅਤੇ ਲੱਦਾਖ ਦੇ ਲੋਕਾਂ 'ਚ ਖੁਸ਼ੀ ਅਤੇ ਆਸ ਦੀ ਭਾਵਨਾ ਹੈ ਪਰ ਕਸ਼ਮੀਰ ਘਾਟੀ ਸਹਿਮੀ-ਸਹਿਮੀ ਜਿਹੀ ਹੈ। ਲੋਕਾਂ ਵਿਚ ਅਜੀਬ ਜਿਹਾ ਖੌਫ ਕਾਇਮ ਹੈ ਪਰ ਉਸ ਦਰਮਿਆਨ ਉਮੀਦਾਂ ਦੇ ਫੁੱਲ ਵੀ ਫੁੱਟਣ ਲੱਗੇ ਹਨ। ਧਾਰਾ-370 ਅਤੇ 35ਏ ਖਤਮ ਹੋਣ ਦੇ ਇਕ ਮਹੀਨੇ ਬਾਅਦ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਨੈਸ਼ਨਲ ਯੂਨੀਅਨ ਆਫ ਜਰਨਲਿਸਟ (ਇੰਡੀਆ) ਦੀ ਅਗਵਾਈ 'ਚ ਵੱਖ-ਵੱਖ ਮੀਡੀਆ ਸੰਸਥਾਵਾਂ ਦੇ ਪੱਤਰਕਾਰਾਂ ਦੇ 3 ਵਫ਼ਦਾਂ ਨੇ ਜੰਮੂ, ਲੱਦਾਖ ਅਤੇ ਕਸ਼ਮੀਰ ਘਾਟੀ ਦਾ ਦੌਰਾ ਕੀਤਾ। ਦੇਸ਼ ਦੇ ਸਿਆਸੀ ਗਲਿਆਰਿਆਂ 'ਚ ਕਸ਼ਮੀਰ ਘਾਟੀ ਨੂੰ ਲੈ ਕੇ ਜੋ ਗੱਲਾਂ ਹੋ ਰਹੀਆਂ ਹਨ, ਉਸ ਦੀ ਜ਼ਮੀਨੀ ਮੁਲਾਂਕਣ ਕਰਨ 'ਤੇ ਕਈ ਦਿਲਚਸਪ ਪਹਿਲੂ ਸਾਹਮਣੇ ਆਏ।
 

ਸੱਤਿਆਪਾਲ ਮਲਿਕ ਨਾਲ ਮੁਲਾਕਾਤ—
ਵਫ਼ਦ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨਾਲ ਵੀ ਮੁਲਾਕਾਤ ਕੀਤੀ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਪੂਰੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੇਖਿਆ ਜਾਵੇ ਤਾਂ ਇਹ ਇਲਾਕਾ ਬਦਲਾਅ ਅਤੇ ਉਮੀਦ ਦੀ ਨਵੀਂ ਕਰਵਟ ਲੈ ਰਿਹਾ ਹੈ। ਜੰਮੂ ਵਿਚ ਵਿਕਾਸ ਦੀ ਨਵੀਂ ਉਮੀਦ ਜਾਗੀ ਹੈ। ਜਦਕਿ ਜੰਮੂ-ਕਸ਼ਮੀਰ ਤੋਂ ਵੱਖਰੇ ਕੇਂਦਰ ਸ਼ਾਸਿਤ ਸੂਬਾ ਬਣਨ ਨੂੰ ਲੈ ਕੇ ਲੱਦਾਖ ਵਿਚ ਆਮ ਆਦਮੀ ਖੁੱਲ੍ਹ ਕੇ ਖੁਸ਼ੀ ਜ਼ਾਹਰ ਕਰ ਰਹੇ ਹਨ ਪਰ ਕਸ਼ਮੀਰ ਘਾਟੀ ਵਿਚ ਆਮ ਆਦਮੀ ਦੀ ਜ਼ਿੰਦਗੀ  ਆਸ ਅਤੇ ਚਿੰਤਾਵਾਂ ਵਿਚ ਲਿਪਟੀ ਹੋਈ ਨਜ਼ਰ ਆਉਂਦੀ ਹੈ।
 

ਵਫ਼ਦ ਨੇ ਲੋਕਾਂ ਨਾਲ ਕੀਤੀ ਮੁਲਾਕਾਤ—
ਕਸ਼ਮੀਰ ਘਾਟੀ 'ਚ ਆਏ ਇਸ 6 ਮੈਂਬਰੀ ਵਫ਼ਦ ਨੇ ਸ਼੍ਰੀਨਗਰ ਸਮੇਤ ਕਸ਼ਮੀਰ ਦੇ ਵੱਖ-ਵੱਖ ਖੇਤਰਾਂ 'ਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ, ਸ਼ੀਆ ਭਾਈਚਾਰੇ, ਪਿੰਡ ਦੇ ਪੰਚ ਅਤੇ ਸਰਪੰਚਾਂ, ਕਿਸਾਨਾਂ, ਵਿਦਿਆਰਥੀਆਂ, ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ, ਸੁਰੱਖਿਆ ਕਰਮਚਾਰੀਆਂ, ਪੱਤਰਕਾਰਾਂ, ਵਕੀਲਾਂ, ਸਿਆਸੀ ਵਰਕਰਾਂ ਸਮੇਤ ਕਰੀਬ 150 ਲੋਕਾਂ ਤੋਂ ਵੱਖ-ਵੱਖ ਮੁਲਾਕਾਤਾਂ ਕੀਤੀਆਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਗੱਲਬਾਤ ਦੌਰਾਨ ਕਈ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆਈਆਂ। 
 

ਕਸ਼ਮੀਰ 'ਚ ਲੋਕ ਆਪਣੀ ਪਹਿਚਾਣ ਉਜਾਗਰ ਕਰਨ ਨੂੰ ਨਹੀਂ ਤਿਆਰ—
ਕਸ਼ਮੀਰ 'ਚ ਗੱਲਬਾਤ ਦੌਰਾਨ ਜ਼ਿਆਦਾਤਰ ਲੋਕ ਆਪਣੀ ਪਹਿਚਾਣ ਉਜਾਗਰ ਕਰਨ ਲਈ ਤਿਆਰ ਨਹੀਂ ਸਨ। ਜਿੱਥੇ ਇਕ ਪਾਸੇ ਲੋਕਾਂ 'ਚ ਆਪਣੀ ਰੋਜ਼ੀ-ਰੋਟੀ ਨੂੰ ਲੈ ਕੇ ਚਿੰਤਾ ਨਜ਼ਰ ਆਈ, ਉੱਥੇ ਹੀ ਪਾਕਿਸਤਾਨ ਵਲੋਂ ਅੱਤਵਾਦ ਅਤੇ ਵੱਖਵਾਦੀਆਂ ਦੇ ਨਾਲ-ਨਾਲ ਕਸ਼ਮੀਰ ਦੇ ਸਥਾਨਕ ਨੇਤਾਵਾਂ ਵਿਰੁੱਧ ਨਾਰਾਜ਼ਗੀ ਨਜ਼ਰ ਆਈ।ਇਹ ਵੀ ਪਤਾ ਲੱਗਾ ਕਿ ਕਸ਼ਮੀਰ ਵਿਚ ਜ਼ਿਆਦਾਤਰ ਲੋਕਾਂ ਨੂੰ ਧਾਰਾ-370 ਦੇ ਨਫੇ-ਨੁਕਸਾਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਬਦਲੇ ਮਾਹੌਲ 'ਚ ਲੋਕਾਂ 'ਚ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਮਿਲੀ-ਜੁਲੀ ਰਾਏ ਦੇਖਣ ਸੁਣਨ ਨੂੰ ਮਿਲੀ।


Tanu

Content Editor

Related News