ਜੰਮੂ-ਕਸ਼ਮੀਰ ’ਚ ਡਰੋਨ ਹਮਲੇ ਮਗਰੋਂ ਇਸ ਦੀ ਵਿਕਰੀ ਅਤੇ ਇਸਤੇਮਾਲ ’ਤੇ ਲੱਗੀ ਪਾਬੰਦੀ
Wednesday, Jun 30, 2021 - 05:18 PM (IST)
![ਜੰਮੂ-ਕਸ਼ਮੀਰ ’ਚ ਡਰੋਨ ਹਮਲੇ ਮਗਰੋਂ ਇਸ ਦੀ ਵਿਕਰੀ ਅਤੇ ਇਸਤੇਮਾਲ ’ਤੇ ਲੱਗੀ ਪਾਬੰਦੀ](https://static.jagbani.com/multimedia/2021_6image_17_16_578710501drone.jpg)
ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਭਾਰਤੀ ਹਵਾਈ ਫ਼ੌਜ ਸਟੇਸ਼ਨ ’ਤੇ ਹਾਲ ਹੀ ਵਿਚ ਹੋਏ ਡਰੋਨ ਹਮਲੇ ਤੋਂ ਬਾਅਦ ਸਖ਼ਤ ਸੁਰੱਖਿਆ ਦਰਮਿਆਨ ਸਰੱਹਦੀ ਜ਼ਿਲ੍ਹੇ ਰਾਜੌਰੀ ’ਚ ਬੁੱਧਵਾਰ ਨੂੰ ਡਰੋਨ ਮਸ਼ੀਨਾਂ ਦੇ ਭੰਡਾਰਨ, ਵਿਕਰੀ, ਟਰਾਂਸਪੋਰਟ ਅਤੇ ਇਸਤੇਮਾਲ ’ਤੇ ਪਾਬੰਦੀ ਲਾ ਦਿੱਤੀ ਗਈ। ਰਾਜੌਰੀ ਦੇ ਜ਼ਿਲ੍ਹਾ ਅਧਿਕਾਰੀ ਰਾਜੇਸ਼ ਕੁਮਾਰ ਸ਼ਵਨ ਵਲੋਂ ਜਾਰੀ ਹੁਕਮ ਮੁਤਾਬਕ ਜਿਸ ਕੋਲ ਡਰੋਨ ਜਾਂ ਅਜਿਹੀਆਂ ਵਸਤੂਾਂ ਹਨ, ਉਨ੍ਹਾਂ ਨੂੰ ਸਥਾਨਕ ਪੁਲਸ ਥਾਣੇ ਵਿਚ ਜਮ੍ਹਾਂ ਕਰਾਉਣਾ ਹੋਵੇਗਾ।
ਹੁਕਮ ਵਿਚ ਕਿਹਾ ਗਿਆ ਹੈ ਕਿ ਮੈਪਿੰਗ, ਸਰਵੇਖਣ ਅਤੇ ਨਿਗਰਾਨੀ ਲਈ ਸਰਕਾਰੀ ਏਜੰਸੀਆਂ ਨੂੰ ਡਰੋਨ ਦੇ ਇਸਤੇਮਾਲ ਦੀ ਇਜਾਜ਼ਤ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਲਈ ਸਥਾਨਕ ਪੁਲਸ ਥਾਣੇ ਅਤੇ ਕਾਰਜਕਾਰੀ ਮੈਜਿਸਟ੍ਰੇਟ ਨੂੰ ਸੂਚਿਤ ਕਰਨਾ ਹੋਵੇਗਾ। ਪਾਕਿਸਤਾਨ ਸਥਿਤ ਅੱਤਵਾਦੀਆਂ ਨੇ ਐਤਵਾਰ ਨੂੰ ਜੰਮੂ ’ਚ ਹਵਾਈ ਫ਼ੌਜ ਸਟੇਸ਼ਨ ’ਤੇ ਡਰੋਨ ਨਾਲ ਦੋ ਬੰਬ ਸੁੱਟੇ ਸਨ, ਜਿਸ ਨਾਲ ਦੋ ਜਵਾਨ ਮਾਮੂਲੀ ਰੂਪ ਵਿਚ ਜ਼ਖਮੀ ਹੋ ਗਏ ਸਨ। ਓਧਰ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਅਜਿਹਾ ਵੇਖਿਆ ਗਿਆ ਹੈ ਕਿ ਰਾਸ਼ਟਰ ਵਿਰੋਧੀ ਤੱਤ ਡਰੋਨ ਅਤੇ ਉਡਣ ਵਾਲੀਆਂ ਵਸਤੂਆਂ ਦੇ ਇਸਤੇਮਾਲ ਨਾਲ ਕੇਂਦਰ ਸ਼ਾਸਿਤ ਖੇਤਰ ’ਚ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।