ਜੈਸ਼ੰਕਰ ਨੇ ਜਮੈਕਾ ਦੀ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ, ਰਾਸ਼ਟਰਪਤੀ ਦੀ ਯਾਤਰਾ ਦੀਆਂ ਤਿਆਰੀਆਂ ''ਤੇ ਹੋਈ ਚਰਚਾ

Monday, May 09, 2022 - 02:47 PM (IST)

ਜੈਸ਼ੰਕਰ ਨੇ ਜਮੈਕਾ ਦੀ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ, ਰਾਸ਼ਟਰਪਤੀ ਦੀ ਯਾਤਰਾ ਦੀਆਂ ਤਿਆਰੀਆਂ ''ਤੇ ਹੋਈ ਚਰਚਾ

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਮੈਕਾ ਦੀ ਵਿਦੇਸ਼ ਮੰਤਰੀ ਕੇ.ਜੇ. ਸਮਿਥ ਨਾਲ ਸੋਮਵਾਰ ਨੂੰ ਗੱਲਬਾਤ ਕੀਤੀ। ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਜਮੈਕਾ ਦੀ ਯਾਤਰਾ ਦੀਆਂ ਤਿਆਰੀਆਂ, ਰਾਸ਼ਟਰਮੰਡਲ ਜਨਰਲ ਸਕੱਤਰ ਲਈ ਸਮਿਥ ਦੀ ਉਮੀਦਵਾਰੀ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਹੋਈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ,''ਜਮੈਕਾ ਦੀ ਵਿਦੇਸ਼ ਮੰਤਰੀ ਕੇ.ਜੇ. ਸਮਿਥ ਨਾਲ ਗੱਲਬਾਤ ਕੀਤੀ। ਭਾਰਤ ਦੇ ਰਾਸ਼ਟਰਪਤੀ ਦੀ ਜਮੈਕਾ ਦੀ ਇਤਿਹਾਸਕ ਯਾਤਰਾ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ।'' ਉਨ੍ਹਾਂ ਕਿਹਾ ਕਿ ਰਾਸ਼ਟਰਮੰਡਲ ਜਨਰਲ ਸਕੱਤਰ ਦੇ ਅਹੁਦੇ ਲਈ ਉਨ੍ਹਾਂ ਦੀ (ਸਮਿਥ ਦੀ) ਉਮੀਦਵਾਰੀ ਤੋਂ ਜਾਣੂੰ ਕਰਵਾਇਆ ਗਿਆ। ਜੈਸ਼ੰਕਰ ਨੇ ਕਿਹਾ,''ਉਨ੍ਹਾਂ ਦੀ (ਸਮਿਥ ਦੀ) ਮਜ਼ਬੂਤ ਭਰੋਸੇਯੋਗਤਾ ਅਤੇ ਦ੍ਰਿਸ਼ਟੀਕੋਣ ਰਾਸ਼ਟਰਮੰਡਲ ਦੇ ਭਵਿੱਖ ਲਈ ਚੰਗਾ ਹੋਵੇਗਾ।''

PunjabKesari

ਰਾਸ਼ਟਰਪਤੀ ਰਾਮਨਾਥ ਕੋਵਿੰਦ 15 ਮਈ ਤੋਂ ਜਮੈਕਾ ਅਤੇ ਸੈਂਟ ਵਿੰਸੈਂਟ ਐਂਡ ਗ੍ਰਨੇਡਾਈਨਸ (ਐੱਸ.ਵੀ.ਜੀ.) ਦੇ ਇਕ ਹਫ਼ਤੇ ਦੇ ਦੌਰੇ 'ਤੇ ਰਹਿਣਗੇ। ਇਸ ਦੌਰਾਨ ਕੋਵਿੰਦ 15 ਤੋਂ 18 ਮਈ ਤੱਕ ਜਮੈਕਾ 'ਚ ਰਹਿਣਗੇ, ਉੱਥੇ ਉਹ ਆਪਣੇ ਹਮਅਹੁਦੇਦਾਰ, ਜਮੈਕਾ ਦੇ ਗਵਰਨਰ ਜਨਰਲ ਸਰ ਪੈਟ੍ਰਿਕ ਏਲਨ ਨਾਲ ਵਫ਼ਦ ਪੱਧਰ ਦੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲਾ ਅਨੁਸਾਰ, ਰਾਸ਼ਟਰਪਤੀ ਜਮੈਕਾ ਦੀ ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਵੀ ਸੰਬੋਧਨ ਕਰਨਗੇ। ਜਮੈਕਾ 'ਚ ਕਰੀਬ 70 ਹਜ਼ਾਰ ਪ੍ਰਵਾਸੀ ਭਾਰਤੀ ਰਹਿੰਦੇ ਹਨ। ਮੰਤਰਾਲਾ ਨੇ ਕਿਹਾ ਕਿ ਕੋਵਿੰਦ ਦੀ ਇਹ ਯਾਤਰਾ ਮੀਲ ਦਾ ਇਕ ਮਹੱਤਵਪੂਰਨ ਪੱਥਰ ਹੈ, ਕਿਉਂਕਿ 2022 'ਚ ਭਾਰਤ ਅਤੇ ਜਮੈਕਾ ਦਰਮਿਆਨ ਡਿਪਲੋਮੈਟ ਸੰਬੰਧਾਂ ਦੀ ਸਥਾਪਨਾ ਦੇ 60 ਸਾਲ ਪੂਰੇ ਹੋਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News