ਜੈਰਾਮ ਠਾਕੁਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਿਹਤ ਮਹਿਕਮੇ ਨੂੰ ਜਾਰੀ ਕੀਤੇ ਨਿਰਦੇਸ਼

10/26/2020 6:38:12 PM

ਸ਼ਿਮਲਾ(ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਿਹਤ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਨ੍ਹਾਂ ਸਾਰੇ ਲੋਕਾਂ ਦੀ ਸਿਹਤ ਜਾਂਚ ਕੀਤੀ ਜਾਵੇ, ਜਿਨ੍ਹਾਂ ਨੇ ਕੋਵਿਡ-19 ਦੀ ਸਥਿਤੀ ਦੇ ਚੱਲਦੇ ਘਰ 'ਚ ਹੀ ਇਕਾਂਤਵਾਸ ਰਹਿਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹਿਸੂਸ ਕੀਤਾ ਗਿਆ ਹੈ ਕਿ ਅਜਿਹੇ ਲੋਕ ਉਸ ਸਮੇਂ ਹਸਪਤਾਲ ਜਾਂਦੇ ਹਨ, ਜਦੋਂ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਡਿਪਟੀ ਕਮਿਸ਼ਨਰਾਂ,  ਪੁਲਸ ਅਧਿਕਾਰੀਆਂ, ਮੁੱਖ ਸਿਹਤ ਅਧਿਕਾਰੀਆਂ ਅਤੇ ਸੀਨੀਅਰ ਡਾਕਟਰਾਂ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਸਿਹਤ ਮੰਤਰੀ ਡਾ. ਰਾਜੀਵ ਸੈਜਲ, ਪੁਲਸ ਜਨਰਲ ਡਾਇਰੈਕਟਰ ਸੰਜੇ ਕੁੰਡੂ ਸਮੇਤ ਕਈ ਅਧਿਕਾਰੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ 'ਮਾਸਕ ਅਪ ਕੈਂਪੇਨ' ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਕੋਸ਼ਿਸ਼ ਕਰਨ ਦੀ ਲੋੜ ਹੈ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ 'ਵੈਕਸੀਨ' ਹੈ ਵਧੇਰੇ ਕਾਰਗਰ

ਡਾਕਟਰਾਂ ਨੂੰ ਕੋਵਿਡ-19 ਰੋਗੀਆਂ ਨਾਲ ਸੰਪਰਕ ਬਣਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਰੋਗੀਆਂ ਨੂੰ ਛੇਤੀ ਸਿਹਤ ਲਾਭ 'ਚ ਮਦਦ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਡਾਕਟਰਾਂ ਨੂੰ ਹਸਪਤਾਲਾਂ 'ਚ ਦਾਖ਼ਲ ਕੋਵਿਡ ਮਰੀਜ਼ਾਂ ਨੂੰ ਮਿਲਣਾ ਚਾਹੀਦਾ ਹੈ, ਤਾਂ ਕਿ ਉਨ੍ਹਾਂ ਦੇ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ। ਤਿਉਹਾਰਾਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਠਾਕੁਰ ਨੇ ਕਿਹਾ ਕਿ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਫੇਸ ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕਿਉਂਕਿ ਸਿਰਫ ਬਚਾਅ ਨਾਲ ਹੀ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ।


Tanu

Content Editor Tanu