ਕੋਰੋਨਾ ਆਫ਼ਤ:  CM ਜੈਰਾਮ ਠਾਕੁਰ ਦੀ ਗੱਡੀ ਦਾ ਡਰਾਈਵਰ ਅਤੇ ਗੰਨਮੈਨ ਕੋਰੋਨਾ ਪਾਜ਼ੇਟਿਵ

Thursday, Aug 13, 2020 - 06:28 PM (IST)

ਸ਼ਿਮਲਾ— ਦੇਸ਼ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਸੁਰੱਖਿਆ ਵਿਚ ਲੱਗੀ ਪਾਇਲਟ ਗੱਡੀ ਦਾ ਡਰਾਈਵਰ ਅਤੇ ਇਕ ਗੰਨਮੈਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਥਰਮਲ ਸਕੈਨਿੰਗ ਦੌਰਾਨ ਦੋਹਾਂ ਕਾਮਿਆਂ ਦਾ ਤਾਪਮਾਨ ਕਾਫੀ ਜ਼ਿਆਦਾ ਸੀ, ਜਿਸ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਇਨ੍ਹਾਂ ਦੋਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਟੈਸਟ ਵਿਚ ਦੋਵੇਂ ਕਾਮੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੇਰ ਰਾਤ ਦੋਹਾਂ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ। ਦੋਵੇਂ ਹੀ ਕਾਮੇ ਮੁੱਖ ਮੰਤਰੀ ਨਾਲ ਕਾਂਗੜਾ ਦੌਰੇ 'ਤੇ ਗਏ ਸਨ ਅਤੇ ਕੈਬਨਿਟ ਦੀ ਬੈਠਕ 'ਚ ਵੀ ਮੌਜੂਦ ਰਹੇ। ਪ੍ਰਸ਼ਾਸਨ ਨੇ ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ, ਤਾਂ ਕਿ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। 

ਮੁੱਖ ਮੰਤਰੀ ਦੇ ਸਰਕਾਰੀ ਆਵਾਸ ਓਕ ਓਵਰ ਵਿਚ ਇਨ੍ਹਾਂ ਦੋਹਾਂ ਦੇ ਸੰਪਰਕ ਵਿਚ ਆਏ ਪੁਲਸ ਮੁਲਾਜ਼ਮਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਨਾਲ ਹੀ ਸੁਰੱਖਿਆ ਵਿਚ ਲੱਗੇ ਕਾਮਿਆਂ ਨੂੰ ਬਦਲ ਦਿੱਤਾ ਗਿਆ ਹੈ। ਹੁਣ ਇਨ੍ਹਾਂ ਸਾਰੇ ਕਾਮਿਆਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਜਾਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਦੀ ਸਕਿਓਰਿਟੀ ਵਿਚ ਲੱਗੀਆਂ ਸਾਰੀਆਂ ਗੱਡੀਆਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਸ਼ਿਮਲਾ ਵਿਚ ਹੁਣ ਤੱਕ ਕੁੱਲ 211 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 58 ਸਰਗਰਮ ਹਨ ਅਤੇ ਦੋ ਲੋਕਾਂ ਦੀ ਮੌਤ ਨਾਲ ਹੀ ਇੱਥੇ ਹੁਣ ਤੱਕ 150 ਲੋਕ ਠੀਕ ਵੀ ਹੋ ਚੁੱਕੇ ਹਨ। 

ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿਚ ਰਿਕਾਰਡ 150 ਨਵੇਂ ਕੇਸ ਸਾਹਮਣੇ ਆਏ ਹਨ। ਸੋਲਨ ਵਿਚ ਸਭ ਤੋਂ ਜ਼ਿਆਦਾ 50, ਚੰਬਾ 'ਚ 23, ਸਿਰਮੌਰ 'ਚ 20, ਕੁੱਲੂ 'ਚ 17, ਊਨਾ 'ਚ 18, ਮੰਡੀ 'ਚ 2 ਅਤੇ ਹਮੀਰਪੁਰ ਵਿਚ 7 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਇਸ ਸਮੇਂ ਦੌਰਾਨ 89 ਹੋਰ ਮਰੀਜ਼ ਠੀਕ ਹੋ ਗਏ ਹਨ। ਜਿਸ ਨਾਲ ਪ੍ਰਦੇਸ਼ ਵਿਚ ਪੀੜਤਾਂ ਦਾ ਕੁੱਲ ਅੰਕੜਾ 3,647 ਪਹੁੰਚ ਗਿਆ ਹੈ। ਸੂਬੇ ਵਿਚ ਹੁਣ 1,241 ਸਰਗਰਮ ਕੇਸ ਹਨ ਅਤੇ 2,362 ਲੋਕ ਸਿਹਤਯਾਬ ਹੋ ਗਏ ਹਨ। ਕੋਰੋਨਾ ਨਾਲ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 26 ਮਰੀਜ਼ ਸੂਬੇ ਤੋਂ ਬਾਹਰ ਚਲੇ ਗਏ ਹਨ।


Tanu

Content Editor

Related News