ਜੰਮੂ ਕਸ਼ਮੀਰ ਰੁਜ਼ਗਾਰ ਅਤੇ ਪਿਆਰ ਚਾਹੁੰਦਾ ਸੀ ਪਰ ਮਿਲ ਗਿਆ ਭਾਜਪਾ ਦਾ ਬੁਲਡੋਜ਼ਰ : ਰਾਹੁਲ ਗਾਂਧੀ

Sunday, Feb 12, 2023 - 12:22 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ 'ਚ ਚੱਲ ਰਹੀ ਕਬਜ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਐਤਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਰੁਜ਼ਗਾਰ, ਬਿਹਤਰ ਕਾਰੋਬਾਰ ਅਤੇ ਪਿਆਰ ਚਾਹੁੰਦਾ ਹੈ ਪਰ ਇਸ ਦੇ ਬਦਲੇ ਉਸ ਨੂੰ ਭਾਜਪਾ ਦਾ ਬੁਲਡੋਜ਼ਰ ਮਿਲ ਗਿਆ। ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਵਰਗੇ ਮੁੱਖ ਸਿਆਸੀ ਦਲਾਂ ਨੇ ਇਸ ਮੁਹਿੰਮ ਖ਼ਿਲਾਫ਼ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ ਹੈ। ਮਾਲੀਆ ਵਿਭਾਗ ਦੇ ਕਮਿਸ਼ਨਰ ਸਕੱਤਰ ਵਿਜੇ ਕੁਮਾਰ ਬਿਥੂੜੀ ਨੇ 7 ਜਨਵਰੀ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਜ਼ਮੀਨ ਤੋਂ ਕਬਜ਼ਾ 100 ਫ਼ੀਸਦੀ ਹਟਾਉਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਦੇ ਬਾਅਦ ਤੋਂ ਜੰਮੂ ਕਸ਼ਮੀਰ 'ਚ 10 ਲੱਖ ਕਨਾਲ ਤੋਂ ਵੱਧ ਜ਼ਮੀਨ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ।

PunjabKesari

ਰਾਹੁਲ ਨੇ ਟਵੀਟ ਕਰ ਕੇ ਕਿਹਾ,''ਜੰਮੂ ਅਤੇ ਕਸ਼ਮੀਰ ਰੁਜ਼ਗਾਰ, ਬਿਹਤਰ ਵਪਾਰ ਅਤੇ ਪਿਆਰ ਚਾਹੁੰਦਾ ਸੀ ਪਰ ਉਨ੍ਹਾਂ ਨੂੰ ਕੀ ਮਿਲਿਆ? ਭਾਜਪਾ ਦਾ ਬੁਲਡੋਜ਼ਰ!'' ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਜਿਸ ਜ਼ਮੀਨ ਨੂੰ ਲੋਕਾਂ ਨੇ ਕਈ ਦਹਾਕਿਆਂ ਤੱਕ ਆਪਣੀ ਮਿਹਨਤ ਨਾਲ ਬਣਾਇਆ ਹੈ, ਉਸ ਨੂੰ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ।'' ਉਨ੍ਹਾਂ ਕਿਹਾ,''ਲੋਕਾਂ ਨੂੰ ਵੰਡਣ ਨਾਲ ਨਹੀਂ, ਇਕਜੁਟ ਹੋਣ ਨਾਲ ਸ਼ਾਂਤੀ ਅਤੇ ਕਸ਼ਮੀਰੀਅਤ ਦੀ ਰੱਖਿਆ ਹੋਵੇਗੀ। ਰਾਹੁਲ ਨੇ ਇਕ ਮੀਡੀਆ ਰਿਪੋਰਟ ਨੂੰ ਵੀ ਟੈਗ ਕੀਤਾ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਬੇਦਖ਼ਲੀ ਮੁਹਿੰਮ ਨਾਲ ਜੰਮੂ ਕਸ਼ਮੀਰ 'ਚ ਡਰ ਪੈਦਾ ਹੋ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News