ਜੰਮੂ ਕਸ਼ਮੀਰ ਪੁਲਸ ਨੇ ਅੰਤਰਰਾਸ਼ਟਰੀ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, 2 ਗ੍ਰਿਫ਼ਤਾਰ
Monday, Oct 31, 2022 - 11:05 AM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਐਤਵਾਰ ਨੂੰ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ, ਜਿਸ ਨੂੰ ਯੂਰਪ ਤੋਂ ਸੰਚਾਲਿਤ ਕੀਤਾ ਜਾ ਰਿਹਾ ਸੀ। ਪੁਲਸ ਨੇ ਜੰਮੂ 'ਚ ਪਾਕਿਸਤਾਨ ਵਲੋਂ ਡਰੋਨ ਦੀ ਮਦਦ ਨਾਲ ਹਥਿਆਰਾਂ ਅਤੇ ਵਿਸਫ਼ੋਟਕਾਂ ਦੀ ਖੇਪ ਸੁੱਟੇ ਜਾਣ 'ਚ ਸ਼ਾਮਲ ਉਸ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਆਰ.ਐੱਸ. ਪੁਰਾ 'ਚ ਅੰਤਰਰਾਸ਼ਟਰੀ ਸਰਹੱਦ (ਆਈ.ਬੀ.) ਨਾਲ ਬਾਸਪੁਰ ਬੰਗਲਾ ਖੇਤਰ 'ਚ ਡਰੋਨ ਵਲੋਂ ਹਥਿਆਰ ਸੁੱਟੇ ਜਾਣ ਦੀ ਜਾਂਚ ਦੌਰਾਨ ਡੋਡਾ ਦੇ ਚੰਦਰ ਬੋਸ ਅਤੇ ਕੈਂਪ ਗੋਲੇ ਗੁਜਰਾਲ, ਜੰਮੂ ਦੇ ਸ਼ਮਸ਼ੇਰ ਸਿੰਘ ਨੂੰ ਫੜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ 4 ਪਿਸਤੌਲ, 8 ਮੈਗਜ਼ੀਨ ਅਤੇ 47 ਗੋਲੀਆਂ ਬਰਾਮਦ ਹੋਈਆਂ ਹਨ।
ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਮੁਕੇਸ਼ ਸਿੰਘ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਬੋਸ ਨੇ ਖ਼ੁਲਾਸਾ ਕੀਤਾ ਕਿ ਉਹ ਸਿੰਘ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਅੱਤਵਾਦੀ ਮਾਡਿਊਲ ਦਾ ਸੰਚਾਲਕ ਯੂਰਪ 'ਚ ਹੈ। ਸਿੰਘ ਨੇ ਕਿਹਾ,''ਦੋਵੇਂ (ਬੋਸ ਅਤੇ ਸਿੰਘ) ਇਕ ਓਵਰਗ੍ਰਾਊਂਡ ਵਰਕਰ (ਓ.ਜੀ.ਡਬਲਿਊ.) ਦੇ ਸੰਪਰਕ 'ਚ ਸਨ, ਜਿਸ ਦਾ ਨਾਮ ਬਲਵਿੰਦਰ ਹੈ, ਜੋ ਜੰਮੂ ਦਾ ਵਾਸੀ ਹੈ ਅਤੇ ਹੁਣ ਯੂਰਪ 'ਚ ਵਸ ਗਿਆ ਹੈ।'' ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਦੋਸ਼ੀ ਅਤੇ ਓ.ਜੀ.ਡਬਲਿਊ. ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ,''ਬਲਵਿੰਦਰ ਭਾਰਤ 'ਚ ਦੋਸ਼ੀਆਂ ਅਤੇ ਪਾਕਿਸਤਾਨ 'ਚ ਹਥਿਆਰਾਂ ਦੀ ਖੇਪ ਦੇ ਸੰਚਾਲਕਾਂ, ਦੋਹਾਂ ਨਾਲ ਤਾਲਮੇਲ ਕਰ ਰਿਹਾ ਹੈ।''