ਜੰਮੂ ਕਸ਼ਮੀਰ ਪੁਲਸ ਨੇ ਸ਼੍ਰੀਨਗਰ ਗ੍ਰਨੇਡ ਹਮਲੇ ਦੇ 2 ਦੋਸ਼ੀ ਕੀਤੇ ਗ੍ਰਿਫ਼ਤਾਰ
Wednesday, Mar 09, 2022 - 11:18 AM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸ਼੍ਰੀਨਗਰ ਦੇ ਇਕ ਰੁਝੇ ਬਜ਼ਾਰ 'ਚ ਹੱਥਗੋਲਾਬ ਸੁੱਟਣ ਦੇ ਦੋਸ਼ 'ਚ ਮੰਗਲਵਾਰ ਨੂੰ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਨੂੰ ਹੋਏ ਇਸ ਹਮਲੇ 'ਚ ਇਕ ਵਿਦਿਆਰਥਣ ਸਮੇਤ 2 ਨਾਗਰਿਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖ਼ਮੀ ਹੋ ਗਏ ਸਨ। ਦੋਹਾਂ ਦੋਸ਼ੀਆਂ ਦੀ ਪਛਾਣ ਖਾਨਯਾਰ ਦੇ ਕੁਲੀਪੋਰਾ ਵਾਸੀ ਮੁਹੰਮਦ ਬਾਰਿਕ ਅਤੇ ਫਾਜ਼ਿਲ ਨਬੀ ਦੇ ਰੂਪ 'ਚ ਹੋਈ ਹੈ। ਇਸ ਗ੍ਰਨੇਡ ਹਮਲੇ 'ਚ ਇਸਤੇਮਾਲ ਹੋਏ ਦੋਪਹੀਆ ਵਾਹਨ ਵੀ ਪੁਲਸ ਨੇ ਜ਼ਬਤ ਕਰ ਲਿਆ ਹੈ। ਵਿਸਫ਼ੋਟ ਦੇ ਤੁਰੰਤ ਬਾਅਦ ਸੀਨੀਅਰ ਪੁਲਸ ਸੁਪਰਡੈਂਟ, ਸ਼੍ਰੀਨਗਰ ਰਾਕੇਸ਼ ਬਲਵਾਲ ਨੇ ਮਾਮਲੇ ਦੀ ਜਾਂਚ ਲਈ ਦੱਖਣੀ ਸ਼ਹਿਰ ਦੇ ਐੱਸ.ਪੀ. ਲਕਸ਼ੇ ਸ਼ਰਮਾ ਦੀ ਅਗਵਾਈ 'ਚ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ।
ਐੱਸ.ਆਈ.ਟੀ. ਨੇ ਜਾਂਚ ਦੇ ਆਧੁਨਿਕ ਸਾਧਨਾਂ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦਾ ਪਤਾ ਲਗਾਇਆ। ਕੁਝ ਚਸ਼ਮਦੀਦਾਂ ਤੋਂ ਪੁੱਛ-ਗਿੱਛ ਤੋਂ ਬਾਅਦ ਐੱਸ.ਆਈ.ਟੀ. ਦੋਹਾਂ ਦੋਸ਼ੀਆਂ ਦੀ ਪਛਾਣ ਕਰਨ 'ਚ ਸਫ਼ਲ ਰਹੀ। ਪੁਲਸ ਨੇ ਕਿਹਾ,''ਦੋਵੇਂ ਦੋਸ਼ੀ ਬਿਨਾਂ ਨੰਬਰ ਪਲੇਟ ਵਾਲੇ ਦੋਪਹੀਆ ਵਾਹਨ 'ਤੇ ਇਸ ਅਪਰਾਧ ਨੂੰ ਅੰਜਾਮ ਦੇਣ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਉਸੇ ਵਾਹਨ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਸ਼੍ਰੀਨਗਰ ਸ਼ਹਿਰ 'ਚ ਸੀ.ਸੀ.ਟੀ.ਵੀ. ਦੀ ਸਖ਼ਤ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਦੋਵੇਂ ਦੋਸ਼ੀ ਖਾਨਯਾਰ ਵੱਲ ਦੌੜੇ ਹਨ।'' ਇਸ ਤੋਂ ਬਾਅਦ ਖਾਨਯਾਰ ਤੋਂ ਬਾਰਿਕ ਨੂੰ ਅਤੇ ਉਸ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਫਾਜ਼ਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।