ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਲੋੜ: ਚਿਦਾਂਬਰਮ

Thursday, Oct 24, 2024 - 12:55 PM (IST)

ਨਵੀਂ ਦਿੱਲੀ/ਜੰਮੂ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਸੁਰੱਖਿਆ ਸਮੀਖਿਆ ਬੈਠਕ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਕਿਹਾ ਕਿ ਲੋਕਾਂ ਨੇ ਆਪਣੇ ਲਈ ਇਕ ਮੁੱਖ ਮੰਤਰੀ ਅਤੇ ਸਰਕਾਰ ਚੁਣੀ ਹੈ ਪਰ ਮੁੱਖ ਮੰਤਰੀ ਕੋਲ ਕੋਈ ਅਧਿਕਾਰ ਨਹੀਂ ਹਨ। ਚਿਦਾਂਬਰਮ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇ ਪੂਰਨ ਰਾਜ ਦਾ ਦਰਜਾ ਤੁਰੰਤ ਬਹਾਲ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕੀਤਾ ਕਿ ਮੀਟਿੰਗ ਵਿਚ ਚੁਣੇ ਹੋਏ ਮੁੱਖ ਮੰਤਰੀ ਮੌਜੂਦ ਨਹੀਂ ਹਨ। ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ ਜਾਂ ਨਹੀਂ, ਮੈਨੂੰ ਨਹੀਂ ਪਤਾ। ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਕਾਨੂੰਨ ਤਹਿਤ ਪੁਲਸ ਅਤੇ ਜਨਤਕ ਵਿਵਸਥਾ ਉਪ ਰਾਜਪਾਲ ਲਈ ਰਾਖਵੇਂ ਵਿਸ਼ੇ ਹਨ।

ਚਿਦਾਂਬਰਮ ਨੇ ਕਿਹਾ ਕਿ ਲੋਕਾਂ ਨੇ ਹੋਰ ਚੀਜ਼ਾਂ ਤੋਂ ਇਲਾਵਾ ਆਪਣੀ ਸੁਰੱਖਿਆ ਲਈ ਇਕ ਮੁੱਖ ਮੰਤਰੀ ਅਤੇ ਸਰਕਾਰ ਨੂੰ ਚੁਣਿਆ ਹੈ ਪਰ ਮੁੱਖ ਮੰਤਰੀ ਕੋਲ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹੀ ਕਾਰਨ ਹੈ ਕਿ ਜੰਮੂ-ਕਸ਼ਮੀਰ ਨੂੰ ਅੱਧਾ ਰਾਜ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੰਮੂ-ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਤੁਰੰਤ ਬਹਾਲ ਕਰਨਾ ਜ਼ਰੂਰੀ ਹੈ। 

ਓਧਰ ਉਪ ਰਾਜਪਾਲ ਸਿਨਹਾ ਨੇ ਬੁੱਧਵਾਰ ਨੂੰ ਘਾਟੀਵਿੱਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੁਰੱਖਿਆ ਆਡਿਟ ਕਰਨ, ਮਹੱਤਵਪੂਰਨ ਸਥਾਨਾਂ 'ਤੇ 24 ਘੰਟੇ ਚੌਕੀਆਂ ਲਗਾਉਣ, ਰਾਤ ​​ਦੀ ਗਸ਼ਤ ਅਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਨਹਾ ਨੇ ਇੱਥੇ ਰਾਜ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਕਸ਼ਮੀਰ ਡਵੀਜ਼ਨ ਲਈ ਸੁਰੱਖਿਆ ਸਮੀਖਿਆ ਦੌਰਾਨ ਇਹ ਨਿਰਦੇਸ਼ ਦਿੱਤੇ। ਇਹ ਮੀਟਿੰਗ ਗਾਂਦੇਰਬਲ ਜ਼ਿਲ੍ਹੇ ਦੇ ਗਗਨਗੀਰ ਖੇਤਰ ਵਿਚ ਇਕ ਸੁਰੰਗ ਦੇ ਨਿਰਮਾਣ ਵਿਚ ਲੱਗੇ ਮਜ਼ਦੂਰਾਂ 'ਤੇ ਐਤਵਾਰ ਨੂੰ ਹੋਏ ਘਾਤਕ ਅੱਤਵਾਦੀ ਹਮਲੇ ਤੋਂ ਬਾਅਦ ਹੋਈ। ਇਸ ਹਮਲੇ ਵਿਚ ਇਕ ਸਥਾਨਕ ਡਾਕਟਰ ਅਤੇ 6 ਪ੍ਰਵਾਸੀ ਮਜ਼ਦੂਰਾਂ ਸਮੇਤ 7 ਲੋਕ ਮਾਰੇ ਗਏ ਸਨ। ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਨਾਲ ਜੁੜੇ ਸੰਗਠਨ ‘ਦਿ ਰੇਜਿਸਟੈਂਸ ਫਰੰਟ’ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
 


Tanu

Content Editor

Related News