ਜੰਮੂ ਕਸ਼ਮੀਰ 'ਚ ITBP ਜਵਾਨਾਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 7 ਸੁਰੱਖਿਆ ਕਰਮੀ ਸ਼ਹੀਦ
Tuesday, Aug 16, 2022 - 12:21 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ 'ਚ ਮੰਗਲਵਾਰ ਨੂੰ ਇਕ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 6 ਇੰਡੋ-ਤਿੱਬਤੀਅਨ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਜਵਾਨ ਅਤੇ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਸੁਰੱਖਿਆ ਮੁਲਾਜ਼ਮ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਵਾਪਸ ਪਰਤ ਰਹੇ ਸਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਈ.ਟੀ.ਬੀ.ਪੀ. ਦੇ 37 ਜਵਾਨਾਂ ਅਤੇ ਦੋ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ਚੰਦਨਵਾੜੀ ਅਤੇ ਪਹਿਲਗਾਮ ਵਿਚਾਲੇ ਡੂੰਘੀ ਖੱਡ 'ਚ ਡਿੱਗ ਗਈ। ਉਨ੍ਹਾਂ ਕਿਹਾ ਕਿ ਆਈ.ਟੀ.ਬੀ.ਪੀ. ਦੇ 2 ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 5 ਹੋਰਾਂ ਨੇ ਬਾਅਦ ਵਿਚ ਦਮ ਤੋੜ ਦਿੱਤਾ। 6 ਜ਼ਖ਼ਮੀ ਸੁਰੱਖਿਆ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਉਨ੍ਹਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਸ਼੍ਰੀਨਗਰ ਲਿਜਾਇਆ ਜਾ ਰਿਹਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਈ.ਟੀ.ਬੀ.ਪੀ. ਦੇ 37 ਜਵਾਨ ਅਤੇ ਜੰਮੂ-ਕਸ਼ਮੀਰ ਪੁਲਸ ਦੇ 2 ਜਵਾਨ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਪਰਤ ਰਹੇ ਸਨ, ਜੋ 11 ਅਗਸਤ ਨੂੰ ਸਮਾਪਤ ਹੋ ਚੁਕੀ ਹੈ। ਦਿੱਲੀ ਵਿਚ ਆਈ.ਟੀ.ਬੀ.ਪੀ. ਦੇ ਬੁਲਾਰੇ ਨੇ ਕਿਹਾ,"39 ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਕਥਿਤ ਤੌਰ 'ਤੇ ਬ੍ਰੇਕ ਫ਼ੇਲ ਹੋਣ ਕਾਰਨ ਸੜਕ ਦੇ ਕਿਨਾਰੇ ਇਕ ਨਦੀ 'ਚ ਡਿੱਗ ਗਈ। ਜਵਾਨ ਚੰਦਨਵਾੜੀ ਤੋਂ ਪਹਿਲਗਾਮ ਵੱਲ ਜਾ ਰਹੇ ਸਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।” ਅਧਿਕਾਰੀ ਨੇ ਕਿਹਾ ਕਿ ਜ਼ਖਮੀਆਂ ਨੂੰ ਲਿਜਾਣ ਲਈ ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ।