ਜੰਮੂ ਕਸ਼ਮੀਰ 'ਚ ਅਲ ਬਦਰ ਦੇ 4 ਅੱਤਵਾਦੀ ਅਤੇ ਤਿੰਨ ਸਹਿਯੋਗੀ ਗ੍ਰਿਫ਼ਤਾਰ
Saturday, Feb 12, 2022 - 12:35 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਸ਼ਨੀਵਾਰ ਨੂੰ ਕਸ਼ਮੀਰ ਤੋਂ ਅੱਤਵਾਦੀ ਸੰਗਠਨ ਅਲ ਬਦਰ ਦੇ ਚਾਰ ਸ਼ੱਕੀ ਅੱਤਵਾਦੀਆਂ ਅਤੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਉੱਤਰੀ ਕਸ਼ਮੀਰ ਦੇ ਸੋਪੋਰ 'ਚ ਅਲ ਬਦਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ 92ਵੀਂ ਬਟਾਲੀਅਨ, ਜੰਮੂ ਕਸ਼ਮੀਰ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੀ ਇਕ ਸੰਯੁਕਤ ਟੀਮ ਨੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਸ਼ੁਰੂ 'ਚ ਰਾਵੁਚਾ ਰਫੀਆਬਾਦ 'ਚ ਅੱਤਵਾਦੀਆਂ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਆਪਣੇ ਇਕ ਬਿਆਨ 'ਚ ਕਿਹਾ,''ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਕਈ ਇਤਰਾਜ਼ਯੋਗ ਸਮੱਗਰੀਆਂ ਨਾਲ ਅੱਤਵਾਦੀਆਂ ਦੇ ਤਿੰਨ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।''
ਤਿੰਨਾਂ ਦੀ ਪਛਾਣ ਰਾਵੂਚਾ ਰਫੀਆਬਾਦ ਦੇ ਵਾਰਿਸ ਤਾਂਤਰੀ, ਸੋਪੋਰ 'ਚ ਨੌਪੋਰਾ ਦੇ ਅਮੀਰ ਸੁਲਤਾਨ ਵਾਨੀ ਅਤੇ ਚੋਂਤੀਪੋਰਾ ਹੰਦਵਾੜਾ ਦੇ ਤਾਰਿਕ ਅਹਿਮਦ ਭੱਟ ਦੇ ਰੂਪ 'ਚ ਹੋਈ ਹੈ। ਪੁੱਛ-ਗਿੱਛ ਦੌਰਾਨ ਇਨ੍ਹਾਂ ਤਿੰਨਾਂ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 2 ਸਾਲਾਂ ਤੋਂ ਪਾਕਿਸਤਾਨ ਦੇ ਯੂਸੁਫ ਬਲੌਸੀ ਅਤੇ ਅਨੰਤਨਾਗ ਦੇ ਖੁਰਸ਼ੀਦ ਜੋ ਹੁਣ ਪਾਕਿਸਤਾਨ 'ਚ ਹਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਰਫੀਆਬਾਦ ਸੋਪੋਰ 'ਚ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਅਤੇ ਅਲ ਬਦਰ 'ਚ ਨੌਜਵਾਨਾਂ ਨੂੰ ਭਰਤੀ ਕਰਨ ਲਈ ਕਿਹਾ ਗਿਆ ਸੀ। ਪੁਲਸ ਨੇ ਬਾਅਦ 'ਚ ਕਿਹਾ ਕਿ ਇਕ ਹੋਰ ਅੱਤਵਾਦੀ ਅਸ਼ਰਫ਼ ਨਜ਼ੀਰ ਭੱਟ ਅਤੇ ਤਿੰਨ ਅੱਤਵਾਦੀ ਸਹਿਯੋਗੀਆਂ ਦਰੁੰਗਸੂ ਦੇ ਮੁਹੰਦ ਅਸ਼ਰਫ ਮਲਿਕ, ਕਲਾਮਾਬਾਦ ਮਾਵਰ ਹੰਦਵਾੜਾ ਦੇ ਮੁਹੰਮਦ ਅਫਜ਼ਲ ਥੋਕਰ ਅਤੇ ਸ਼ੇਰਹਾਮਾ ਮਾਵਰ ਹੰਦਵਾੜਾ ਦੇ ਸ਼ਬੀਰ ਅਹਿਮਦ ਸ਼ਾਹ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਇਨ੍ਹਾਂ ਤਿੰਨੋਂ ਅੱਤਵਾਦੀਆਂ ਕੋਲੋਂ ਹਥਿਆਰ, ਗੋਲਾ ਬਾਰੂਦ ਸਮੇਤ ਹੋਰ ਸਮੱਗਰੀਆਂ ਅਤੇ ਭਾਰੀ ਮਾਤਰਾ 'ਚ ਨਕਦੀ ਬਰਾਮਦ ਕੀਤੀ ਗਈ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ