ਸ਼੍ਰੀਨਗਰ ਹਸਪਤਾਲ ਨੇ ਕੈਂਸਰ ਵਾਰਡ ''ਚ ਸਥਾਪਤ ਕੀਤੀ ਖਿਡੌਣਾ ਲਾਇਬ੍ਰੇਰੀ

06/20/2021 1:42:34 PM

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸ਼੍ਰੀਨਗਰ (ਐੱਸ. ਕੇ. ਆਈ. ਐੱਮ. ਐੱਸ.) ਨੇ ਕੈਂਸਰ ਦਾ ਇਲਾਜ ਕਰਾ ਰਹੇ ਬੱਚਿਆਂ ਨੂੰ ਤਣਾਅਪੂਰਨ ਮਾਹੌਲ ਤੋਂ ਰਾਹਤ ਦਿਵਾਉਣ ਲਈ ਬਾਲ ਚਿਕਿਤਸਾ ਵਾਰਡ ਵਿਚ ਇਕ ਖਿਡੌਣਾ ਲਾਇਬ੍ਰੇਰੀ ਸਥਾਪਤ ਕੀਤੀ ਹੈ। ਇਸ ਲਾਇਬ੍ਰੇਰੀ ਵਿਚ ਬਿਲਡਿੰਗ ਬਲਾਕਸ ਗੇਮਸ, ਬੱਚਿਆਂ ਨਾਲ ਗੱਲਬਾਤ ਕਰਨ ਵਾਲੇ ਖਿਡੌਣੇ ਤੇ ਹੋਰ ਕਈ ਤਰ੍ਹਾਂ ਦੇ ਬੱਚਿਆਂ ਨੂੰ ਪਸੰਦ ਆਉਣ ਵਾਲੇ ਖਿਡੌਣੇ ਰੱਖੇ ਗਏ ਹਨ।

ਬਾਲ ਚਿਕਿਤਸਾ ਓਨਕੋਲੌਜਿਸਟ ਅਤੇ ਖਿਡੌਣਾ ਲਾਇਬ੍ਰੇਰੀ ਦੇ ਇੰਚਾਰਜ ਡਾ. ਫੈਜ਼ਲ ਗੁਰੂ ਨੇ ਕਿਹਾ, "ਇਸ ਪਹਿਲ ਦਾ ਮਕਸਦ ਕੈਂਸਰ ਦੇ ਬੱਚਿਆਂ ਨੂੰ ਇਕ ਸਿਹਤਮੰਦ ਤੇ ਸਕਾਰਾਤਮਕ ਵਾਤਾਵਰਣ ਪ੍ਰਦਾਨ ਕਰਨਾ ਹੈ ਕਿਉਂਕਿ ਇਲਾਜ ਦੇ ਲੰਮੇ ਸਮੇਂ ਦੌਰਾਨ ਉਨ੍ਹਾਂ ਕੋਲ ਬਹੁਤ ਖਾਲੀ ਸਮਾਂ ਹੁੰਦਾ ਹੈ। ਇਸ ਖਾਲੀ ਸਮੇਂ ਵਿਚ ਬੱਚੇ ਉਦਾਸ ਰਹਿੰਦੇ ਹਨ।"

ਉਨ੍ਹਾਂ ਕਿਹਾ ਕਿ ਇਹ ਕਮਰਾ ਥੋੜ੍ਹਾ ਸਕਾਰਾਤਮਕ ਮਾਹੌਲ ਬਣਾਏਗਾ ਜਿਸ ਨਾਲ ਕੁਝ ਸਮੇਂ ਲਈ ਬੱਚੇ ਇਹ ਭੁੱਲ ਸਕਦੇ ਹਨ ਕਿ ਉਹ ਕੀਮੋਥੈਰੇਪੀ ਵਰਗੀਆਂ ਭਾਰੀ ਦਵਾਈਆਂ 'ਤੇ ਲੱਗੇ ਹੋਏ ਹਨ। ਡਾ. ਫੈਜ਼ਲ ਨੇ ਕਿਹਾ ਕਿ ਇਸ ਕਮਰੇ ਵਿਚ ਬੱਚਿਆਂ ਨੂੰ ਪੇਟਿੰਗ, ਪੜ੍ਹਨ-ਲਿਖਣ ਜਾਂ ਜਿਸ ਵਿਚ ਉਹ ਖ਼ੁਸ਼ ਹਨ ਉਹ ਹਰ ਚੀਜ਼ ਮਿਲੇਗੀ। ਇੱਥੋਂ ਤੱਕ ਬੈਠ ਵੀ ਸਕਦੇ ਹਨ। ਕਸ਼ਮੀਰ ਘਾਟੀ ਵਿਚ ਨਰਗਿਸ ਦੱਤ ਫਾਊਂਡੇਸ਼ਨ ਦੀ ਸਹਾਇਤਾ ਨਾਲ ਹਸਪਤਾਲ ਨੇ ਇਹ ਪਹਿਲ ਸ਼ੁਰੂ ਕੀਤੀ ਹੈ। ਓਨਕੋਲੋਜੀ ਵਿਭਾਗ ਦੇ ਮੁਖੀ (ਐੱਚ. ਓ. ਡੀ.) ਪ੍ਰੋਫੈਸਰ ਗੁਲ ਮੁਹੰਮਦ ਨੇ ਕਿਹਾ, "ਖਿਡੌਣਾ ਲਾਇਬ੍ਰੇਰੀ ਬੱਚਿਆਂ ਦੀ ਮਨੋਵਿਗਿਆਨਕ ਸਿਹਤ ਨੂੰ ਮਜ਼ਬੂਤ ਕਰਦੀ ਹੈ ਅਤੇ ਇਲਾਜ ਤੋਂ ਬਾਅਦ ਸਾਈਕੋਥੈਰੇਪੀ ਦੀ ਜ਼ਰੂਰਤ ਨੂੰ ਘਟਾਉਂਦੀ ਹੈ।"


Sanjeev

Content Editor

Related News