ਜੰਮੂ ''ਚ ਹੋਏ ਧਮਾਕਿਆਂ ਮਗਰੋਂ ਐਕਸ਼ਨ ''ਚ NIA, ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਨਮੂਨੇ
Sunday, Jan 22, 2023 - 06:01 PM (IST)

ਜੰਮੂ- ਰਾਸ਼ਟਰੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਟੀਮ ਨੇ ਐਤਵਾਰ ਨੂੰ ਇੱਥੇ ਦੋਹਰੇ ਧਮਾਕਿਆਂ ਵਾਲੀ ਥਾਂ ਦਾ ਮੁਆਇਨਾ ਕੀਤਾ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜੰਮੂ ਸ਼ਹਿਰ ਦੇ ਬਾਹਰੀ ਹਿੱਸੇ ਦੇ ਰੁੱਝੇ ਹੋਏ ਖੇਤਰ ਨੂੰ ਦੋ ਧਮਾਕਿਆਂ ਨੇ ਹਿਲਾ ਕੇ ਰੱਖ ਦਿੱਤਾ ਸੀ, ਜਿਸ 'ਚ 9 ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੂੰ ਸ਼ੱਕ ਹੈ ਕਿ ਨਰਵਾਲ ਟਰਾਂਸਪੋਰਟ ਨਗਰ ਇਲਾਕੇ 'ਚ ਇਕ ਮੁਰੰਮਤ ਦੀ ਦੁਕਾਨ 'ਤੇ ਖੜ੍ਹੀ SUV ਅਤੇ ਨੇੜੇ ਦੇ ਕਬਾੜਖਾਨੇ 'ਚ ਇਕ ਵਾਹਨ 'ਚ ਧਮਾਕਾ ਕਰਨ ਲਈ ਆਈ. ਈ. ਡੀ. ਦਾ ਇਸਤੇਮਾਲ ਕੀਤਾ ਗਿਆ।
ਇਹ ਵੀ ਪੜ੍ਹੋ- ਬੰਬ ਧਮਾਕਿਆਂ ਨਾਲ ਦਹਿਲਿਆ ਜੰਮੂ, 7 ਲੋਕ ਜ਼ਖ਼ਮੀ
ਇਹ ਧਮਾਕੇ ਅਜਿਹੇ ਸਮੇਂ ਹੋਏ ਹਨ ਜਦੋਂ ਖੇਤਰ ਵਿਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਅਤੇ ਆਉਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਮੱਦੇਨਜ਼ਰ ਖੇਤਰ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਅਧਿਕਾਰੀਆਂ ਨੇ ਕਿਹਾ ਕਿ NIA ਨੇ ਐਤਵਾਰ ਸਵੇਰੇ ਧਮਾਕੇ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਸੰਘੀ ਅੱਤਵਾਦ ਵਿਰੋਧੀ ਏਜੰਸੀ ਇਸ ਮਾਮਲੇ ਨੂੰ ਆਪਣੇ ਹੱਥ ਵਿਚ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਦੇ ਅਧਿਕਾਰੀ ਇਕ ਘੰਟੇ ਤੋਂ ਵੱਧ ਸਮੇਂ ਤੱਕ ਧਮਾਕੇ ਵਾਲੀ ਥਾਂ 'ਤੇ ਰਹੇ ਅਤੇ ਨਮੂਨੇ ਇਕੱਠੇ ਕੀਤੇ।
ਇਹ ਵੀ ਪੜ੍ਹੋ- J&K ਦੇ ਕਠੂਆ ਤੋਂ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ', ਸਖ਼ਤ ਸੁਰੱਖਿਆ 'ਚ ਚੱਲ ਰਹੇ ਰਾਹੁਲ ਗਾਂਧੀ
ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਲਗਾਤਾਰ ਦੂਜੇ ਦਿਨ ਵੀ ਨਿਰੀਖਣ ਲਈ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਇਲਾਕੇ ਦੀ ਘੇਰਾਬੰਦੀ ਅਜੇ ਵੀ ਬਰਕਰਾਰ ਹੈ। ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਟਵੀਟ ਕੀਤਾ ਕਿ ਸੁਰੱਖਿਆ ਏਜੰਸੀਆਂ ਦੇ ਮੁਲਾਂਕਣ ਦੇ ਆਧਾਰ 'ਤੇ ਮੌਜੂਦਾ ਅੰਦਰੂਨੀ ਸਥਿਤੀ ਦੀ ਸਮੀਖਿਆ ਕਰਨ ਲਈ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਇਕ ਸਾਂਝੀ ਖੁਫੀਆ ਅਤੇ ਸੁਰੱਖਿਆ ਬੈਠਕ ਕੀਤੀ ਗਈ।