ਐਕਸ਼ਨ ਮੋਡ ''ਚ ਮਨੋਜ ਸਿਨਹਾ, ਦੇਸ਼ ਵਿਰੋਧੀ ਸਰਗਰਮੀਆਂ ਨਾਲ ਜੁੜੇ 5 ਪੁਲਸ ਮੁਲਾਜ਼ਮ ਤੇ ਅਧਿਆਪਕ ਬਰਖ਼ਾਸਤ
Sunday, Aug 04, 2024 - 09:44 AM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 5 ਪੁਲਸ ਮੁਲਾਜ਼ਮਾਂ ਅਤੇ ਇਕ ਅਧਿਆਪਕ ਨੂੰ ‘ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿਚ ਸ਼ਮੂਲੀਅਤ’ ਹੋਣ ਦੇ ਦੋਸ਼ ਹੇਠ ਬਰਖ਼ਾਸਤ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਲਈ ਸੰਵਿਧਾਨ ਦੀ ਧਾਰਾ 311 (2) (ਸੀ) ਦੀ ਵਰਤੋਂ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਬਰਖਾਸਤ ਕਰਮਚਾਰੀਆਂ ਦੀਆਂ ਗਤੀਵਿਧੀਆਂ ਬਾਰੇ ਇਨਫੋਰਸਮੈਂਟ ਐਂਡ ਇਨਟੈਲੀਜੈਂਸ ਏਜੰਸੀਆਂ ਨੇ ਪਤਾ ਲਗਾਇਆ।
ਉਨ੍ਹਾਂ ਪਾਇਆ ਕਿ ਉਹ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ ਤੇ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਨਾਲ ਉਨ੍ਹਾਂ ਦੇ ਸਬੰਧ ਹੋਣ ਦੇ ਸਬੂਤ ਹਨ। ਰਾਸ਼ਟਰਪਤੀ ਜਾਂ ਰਾਜਪਾਲ ਨੂੰ ਜੇਕਰ ਲੱਗਦਾ ਹੈ ਕਿ ਜਨਤਕ ਸੇਵਾ 'ਚ ਵਿਅਕਤੀ ਦਾ ਬਣੇ ਰਹਿਣਾ ਸੂਬੇ ਦੀ ਸੁਰੱਖਿਆ ਲਈ ਨੁਕਸਾਨਦਾਇਕ ਹੈ ਤਾਂ ਉਹ ਆਰਟੀਕਲ ਦੇ ਵਿਵਸਥਾਵਾਂ ‘ਸੀ’ ਤਹਿਤ, ਜਿਹੋ ਜਿਹਾ ਵੀ ਮਾਮਲਾ ਹੋਵੇ, ਕਿਸੇ ਕਰਮਚਾਰੀ ਨੂੰ ਆਮ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਬਰਖਾਸਤ ਕਰਨ ਦਾ ਅਧਿਕਾਰ ਰੱਖਦੇ ਹਨ।
ਇਹ ਹਨ ਬਰਖਾਸਤ ਕਰਮੀ
-ਹੈੱਡ ਕਾਂਸਟੇਬਲ ਫਾਰੂਕ ਅਹਿਮਦ ਸ਼ੇਖ।
-ਕਾਂਸਟੇਬਲ ਸੈਫ ਦੀਨ।
-ਕਾਂਸਟੇਬਲ ਖਾਲਿਦ ਹੁਸੈਨ ਸ਼ਾਹ।
-ਕਾਂਸਟੇਬਲ ਇਰਸ਼ਾਦ ਅਹਿਮਦ ਚਾਲਕੂ।
-ਕਾਂਸਟੇਬਲ ਰਹਿਮਤ ਸ਼ਾਹ।
-ਅਧਿਆਪਕ ਨਜ਼ਮ ਦੀਨ।
ਆਈ. ਐੱਸ. ਆਈ. ਤੇ ਅੱਤਵਾਦੀ ਸਮੂਹਾਂ ਦੇ ‘ਨਾਰਕੋ-ਟੈਰਰ’ ਗਿਰੋਹ ਨਾਲ ਸਨ ਸਬੰਧ
ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਰਮਚਾਰੀ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਅਤੇ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦੀ ਸਮੂਹਾਂ ਦੇ ‘ਨਾਰਕੋ-ਟੈਰਰ’ ਗਿਰੋਹ ਨਾਲ ਸਬੰਧਤ ਸਨ। ਉਨ੍ਹਾਂ ਦਾਅਵਾ ਕੀਤਾ ਕਿ ਅਪਰਾਧ ਤੋਂ ਕੀਤੀ ਆਮਦਨ ਦੀ ਵਰਤੋਂ ‘ਜੰਮੂ-ਕਸ਼ਮੀਰ ਨੂੰ ਅਸਥਿਰ ਕਰਨ ਲਈ ਵਿਰੋਧੀ ਏਜੰਸੀ ਦੀ ਵੱਡੀ ਸਾਜ਼ਿਸ਼’ ਲਈ ਕੀਤੀ ਜਾਣੀ ਸੀ।
ਪਾਕਿਸਤਾਨ ਤੋਂ ਕਰਦੇ ਸਨ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ
ਅਧਿਕਾਰੀਆਂ ਨੇ ਦੱਸਿਆ ਕਿ ਸ਼ੇਖ, ਖਾਲਿਦ ਸ਼ਾਹ ਅਤੇ ਰਹਿਮਤ ਸ਼ਾਹ ਨੇ ਪਾਕਿਸਤਾਨ ’ਚ ਮੌਜੂਦ ਅੱਤਵਾਦੀਆਂ ਨਾਲ ਸੰਪਰਕ ਕਾਇਮ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਸਨ ਅਤੇ ਇਸ ਅਪਰਾਧ ਤੋਂ ਕਮਾਈ ਗਈ ਆਮਦਨ ਦੀ ਵਰਤੋਂ ਅਸ਼ਾਂਤੀ ਨੂੰ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਅੱਤਵਾਦੀ ਗਤੀਵਿਧੀਆਂ ਨੂੰ ਫੰਡਿੰਗ ਕਰਨ ਲਈ ਕੀਤੀ ਜਾਂਦੀ ਸੀ।