ਕੋਵਿਡ-19 : ਸਿਹਤ ਕਰਮਚਾਰੀ ਹੋਣਗੇ ਵਧੇਰੇ ਸੁਰੱਖਿਅਤ, ITI ਨੇ ਬਣਾਏ ਸੁਰੱਖਿਆ ਉਪਕਰਣ

Tuesday, Apr 28, 2020 - 03:02 PM (IST)

ਕੋਵਿਡ-19 : ਸਿਹਤ ਕਰਮਚਾਰੀ ਹੋਣਗੇ ਵਧੇਰੇ ਸੁਰੱਖਿਅਤ, ITI ਨੇ ਬਣਾਏ ਸੁਰੱਖਿਆ ਉਪਕਰਣ

ਓਡੀਸ਼ਾ (ਭਾਸ਼ਾ)— ਓਡੀਸ਼ਾ 'ਚ ਸਥਿਤ ਇਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ.) ਨੇ ਖਤਰਨਾਕ ਕੋਵਿਡ-19 ਮਹਾਮਾਰੀ ਨਾਲ ਲੜ ਰਹੇ ਸਿਹਤ ਕਰਮਚਾਰੀਆਂ ਲਈ ਸੁਰੱਖਿਆ ਉਪਕਰਣ ਤਿਆਰ ਕੀਤੇ ਹਨ। ਆਈ. ਟੀ. ਆਈ. ਨੇ ਦੱਸਿਆ ਕਿ ਉਨ੍ਹਾਂ ਨੇ ਇੰਟਯੁਬੇਸ਼ਨ ਪ੍ਰਕਿਰਿਆ (intubation process) ਲਈ ਇਕ ਏਅਰੋਸੋਲ ਬਾਕਸ ਵਿਕਸਿਤ ਕੀਤਾ ਹੈ। ਏਅਰੋਸੋਲ ਬਾਕਸ ਵਿਚ ਪਾਰਦਰਸ਼ੀ ਪਲਾਸਟਿਕ ਕਿਊਬ ਹੁੰਦਾ ਹੈ, ਜਿਸ ਨਾਲ ਮਰੀਜ਼ ਦੇ ਸਿਰ ਨੂੰ ਕਵਰ ਕੀਤਾ ਜਾਂਦਾ ਹੈ। ਇਸ ਵਿਚ ਦੋ ਗੋਲਾਕਾਰ ਰਾਹ ਹੁੰਦੇ ਹਨ, ਤਾਂ ਕਿ ਉਸ ਦੇ ਜ਼ਰੀਏ ਸਿਹਤ ਕਰਮਚਾਰੀਆਂ ਦੇ ਹੱਥ 'ਏਅਰਵੇ ਪ੍ਰਕਿਰਿਆ' ਲਈ ਉਸ ਦੇ ਅੰਦਰ ਜਾ ਸਕਣ।

ਆਈ. ਟੀ. ਆਈ. ਦੇ ਪ੍ਰਿੰਸੀਪਲ ਰਜਤ ਕੁਮਾਰ ਨੇ ਕਿਹਾ ਕਿ ਜਦੋਂ ਸਿਹਤ ਕਰਮਚਾਰੀ ਕੋਵਿਡ-19 ਰੋਗੀਆਂ ਕੋਲ ਜਾਂਦੇ ਹਨ, ਤਾਂ ਉਹ ਸਿੱਧੇ ਵਾਇਰਸ ਦੇ ਸੰਪਰਕ ਵਿਚ ਆਉਂਦੇ ਹਨ ਅਤੇ ਅਸੁਰੱਖਿਅਤ ਹੋ ਜਾਂਦੇ ਹਨ। ਪਾਰਦਰਸ਼ੀ ਏਅਰੋਸੋਲ ਬਾਕਸ, ਡਾਕਟਰੀ ਪੇਸ਼ੇਵਰਾਂ ਲਈ ਵਾਇਰਸ ਦੇ ਸੰਪਰਕ ਨੂੰ ਕਾਫੀ ਘੱਟ ਕਰ ਦਿੰਦਾ ਹੈ। ਉਨ੍ਹਾਂ ਦੀ ਅਗਵਾਈ ਵਿਚ ਆਈ. ਟੀ. ਆਈ-ਬੇਰਹਾਮਪੁਰ ਦੀ ਇਕ ਟੀਮ ਨੇ ਏਅਰੋਸੋਲ ਬਾਕਸ ਦੀ ਯੋਜਨਾ ਬਣਾਈ, ਇਸ ਦਾ ਡਿਜ਼ਾਈਨ ਬਣਾਇਆ ਅਤੇ ਫਿਰ ਇਸ ਨੂੰ ਵਿਕਸਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਲੇਜ਼ਰ-ਕਟਿੰਗ, ਡ੍ਰਿਲਿੰਗ ਅਤੇ ਫਿਟਿੰਗ ਐੱਮ. ਕੇ. ਸੀ. ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਫਿਲਹਾਲ ਦੋ ਅਜਿਹੇ ਬਾਕਸ ਵਿਕਸਿਤ ਕੀਤੇ ਹਨ। ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਦੇ ਬਕਸੇ ਦਾ ਆਦੇਸ਼ ਦਿੰਦਾ ਹੈ ਤਾਂ ਅਸੀਂ ਇਸ ਦਾ ਹੋਰ ਨਿਰਮਾਣ ਕਰਾਂਗੇ।


author

Tanu

Content Editor

Related News