ਨਿਰਭਯਾ ਕਾਂਡ ਤੋਂ ਬਾਅਦ ਵੀ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਘੱਟ ਨਾ ਹੋਣਾ ਸ਼ਰਮਨਾਕ : ਸ਼ਬਾਨਾ ਆਜ਼ਮੀ
Thursday, Aug 29, 2024 - 11:28 PM (IST)
ਪੁਣੇ, (ਭਾਸ਼ਾ)- ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਔਰਤਾਂ ਖਿਲਾਫ ਅਪਰਾਧਾਂ ਦੇ ਸਿਰਫ ਕੁਝ ਹੀ ਮਾਮਲਿਆਂ ’ਚ ਗੁੱਸਾ ਜ਼ਾਹਿਰ ਨਹੀਂ ਕੀਤਾ ਜਾਣਾ ਚਾਹੀਦਾ ਹੈ, ਸਗੋਂ ਸਮਾਜ ਨੂੰ ਇਸ ਵਿਕਾਰ ਦੇ ਮੂਲ ਕਾਰਨ ’ਤੇ ਕੰਮ ਕਰਨਾ ਚਾਹੀਦਾ ਹੈ।
ਅਦਾਕਾਰਾ ਨੇ ਕਿਹਾ ਕਿ ਲੋਕਾਂ ਦੀ ਪਿਤਾ-ਪੁਰਖੀ ਮਾਨਸਿਕਤਾ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਨਿਰਭਯਾ ਕਾਂਡ ਤੋਂ 12 ਸਾਲ ਬਾਅਦ ਵੀ ਸੈਕਸ ਸ਼ੋਸ਼ਣ ਦੇ ਮਾਮਲਿਆਂ ’ਚ ਕਮੀ ਨਹੀਂ ਆਈ ਹੈ। ਅਦਾਕਾਰਾ ਆਜ਼ਮੀ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਦੇ ਸਹਿਯੋਗ ਨਾਲ ਪੁਣੇ ਸਥਿਤ ਗਰੇਵਿਟਾਸ ਫਾਊਂਡੇਸ਼ਨ ਵੱਲੋਂ ‘ਬੱਚਿਆਂ ਲਈ ਇਕ ਸੁਰੱਖਿਅਤ ਸੰਸਾਰ ਦਾ ਨਿਰਮਾਣ’ ਵਿਸ਼ੇ ’ਤੇ ਆਯੋਜਿਤ ਗੋਲਮੇਜ ਸੰਮੇਲਨ ’ਚ ਸ਼ਾਮਲ ਹੋਈ ਸੀ।
ਸੰਮੇਲਨ ’ਚ ਅਦਾਕਾਰਾ ਤੋਂ ਕੋਲਕਾਤਾ ’ਚ ਇਕ ਟ੍ਰੇਨੀ ਮਹਿਲਾ ਡਾਕਟਰ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਅਤੇ ਬਦਲਾਪੁਰ ਦੇ ਇਕ ਸਕੂਲ ’ਚ 4 ਸਾਲ ਦੀਆਂ 2 ਬੱਚੀਆਂ ਦੇ ਕਥਿਤ ਸੈਕਸ ਸ਼ੋਸ਼ਣ ਦੀ ਘਟਨਾ ਬਾਰੇ ਉਨ੍ਹਾਂ ਦੀ ਟਿੱਪਣੀ ਮੰਗੀ ਗਈ ਸੀ।
ਉਕਤ ਘਟਨਾਵਾਂ ਬਾਰੇ ਆਜ਼ਮੀ ਨੇ ਕਿਹਾ, ‘‘ਗੁੱਸਾ ਤਾਂ ਹੋਣਾ ਹੀ ਚਾਹੀਦਾ ਹੈ ਅਤੇ ਸਿਰਫ ਅੱਜ ਨਹੀਂ, ਗੁੱਸਾ ਤਾਂ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਅਤੇ ਗੁੱਸਾ ਸਿਰਫ ਕੁਝ ਹੀ ਮਾਮਲਿਆਂ ’ਚ ਜ਼ਾਹਿਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਹ ਸਾਰੀਆਂ ਘਟਨਾਵਾਂ ਬੇਹੱਦ ਖਤਰਨਾਕ ਹਨ।’’