ਅਟਲ ਸੁਰੰਗ ਨਾਲ ਪਾਕਿਸਤਾਨ ਅਤੇ ਚੀਨ ਦੀ ਸਰਹੱਦ ਤੱਕ ਪਹੁੰਚਣਾ ਹੋਇਆ ਸੌਖਾ : ਮੰਡਾਵੀਆ
Friday, Jun 30, 2023 - 04:46 PM (IST)
 
            
            ਕੁੱਲੂ- ਅਟਲ ਸੁਰੰਗ ਰੋਹਤਾਂਗ ਮੋਦੀ ਸਰਕਾਰ ਦੀ ਦੇਣ ਹੈ। ਇਸ ਸੁਰੰਗ ਦੇ ਬਣਨ ਨਾਲ ਚੀਨ ਅਤੇ ਪਾਕਿਸਤਾਨ ਦੀ ਸਰਹੱਦ ਤੱਕ ਪਹੁੰਚਣਾ ਭਾਰਤ ਲਈ ਆਸਾਨ ਹੋਇਆ ਹੈ। ਨਾਲ ਹੀ ਲਾਹੌਲ ਘਾਟੀ ਵੀ ਹੁਣ 12 ਮਹੀਨਿਆਂ ਤੋਂ ਮਨਾਲੀ ਨਾਲ ਜੁੜੀ ਹੋਈ ਹੈ, ਇਸ ਨਾਲ ਖੇਤਰ ਦੀ ਰੂਪ-ਰੇਖਾ ਬਦਲੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਵੀਰਵਾਰ ਨੂੰ ਸੀਸੂ ਵਿਖੇ ਵਿਕਾਸ ਤੀਰਥ ਯਾਤਰਾ ਪ੍ਰੋਗਰਾਮ ਵਿਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਨੇ ਨਾ ਸਿਰਫ਼ ਦੇਸ਼ ਦੀ ਰਾਜਨੀਤੀ ਅਤੇ ਸ਼ਾਸਨ ਦੀ ਕਾਰਜਸ਼ੈਲੀ ਨੂੰ ਬਦਲਿਆ ਹੈ, ਸਗੋਂ ਆਪਣੇ ਕੂਟਨੀਤਕ ਹੁਨਰ ਨਾਲ ਦੁਨੀਆ ਵਿਚ ਦੇਸ਼ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਦੇ ਸ਼ਾਸਨ ਵਿਚ ਇਕ ਮਹੱਤਵਪੂਰਨ ਤਬਦੀਲੀ ਇਹ ਹੋਈ ਕਿ ਰਾਸ਼ਟਰਵਾਦ ਨੂੰ ਨਵੀਂ ਊਰਜਾ ਮਿਲੀ ਅਤੇ ਰਾਸ਼ਟਰਵਾਦ ਹੋਰ ਵੱਧ ਮਜ਼ਬੂਤ ਹੋਇਆ।
ਮਨਸੁਖ ਮੰਡਵੀਆ ਨੇ ਅਟਲ ਸੁਰੰਗ ਰੋਹਤਾਂਗ ਦਾ ਨਿਰੀਖਣ ਵੀ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 9 ਸਾਲ ਪੂਰੇ ਕਰ ਲਏ ਹਨ, ਇਹ 9 ਸਾਲ ਸਮਾਵੇਸ਼ੀ, ਪ੍ਰਗਤੀਸ਼ੀਲ ਅਤੇ ਟਿਕਾਊ ਵਿਕਾਸ ਲਿਆਉਣ ਲਈ ਸਮਰਪਿਤ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਅਟਲ ਸੁਰੰਗ ਰਾਹੀਂ ਆਪਣੇ ਖੇਤੀ ਉਤਪਾਦਾਂ ਨੂੰ ਮੰਡੀਆਂ ਤੱਕ ਲਿਜਾਣ ਲਈ ਵੀ ਕਾਫੀ ਸਹੂਲਤਾਂ ਮਿਲੀਆਂ ਹਨ। ਮਨਸੁਖ ਮੰਡਵੀਆ ਨੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ-ਪਿੰਡ ਜਾ ਕੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਪ੍ਰਚਾਰ ਕਰਨ। ਸੰਪਰਕ ਨਾਲ ਸਮਰਥਨ ਪ੍ਰੋਗਰਾਮ ਦੇ ਤਹਿਤ ਕੇਂਦਰੀ ਮੰਤਰੀ ਨੇ ਤੂਪਚਿਲਿੰਗ ਗੋਂਪਾ, ਛੇਰਿੰਗ ਲਮਕਾ, ਸੁਰੇਸ਼ ਕੁਮਾਰ, ਰਾਜੂ, ਰਵੀ ਕੁਮਾਰ, ਪਾਲਮੋ, ਰੀਟਾ ਦੇਵੀ, ਚਿਮੇਦ ਅੰਗਮੋ ਨਾਲ ਸੰਪਰਕ ਕੀਤਾ। ਮਨਸੁਖ ਮੰਡਾਵੀਆ ਨੇ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਸਰਕਾਰ ਆਪਣੇ ਸਾਰੇ ਨਾਗਰਿਕਾਂ ਲਈ ਬਰਾਬਰੀ ਅਤੇ ਮੌਕੇ ਪੈਦਾ ਕਰਨ ਦੀ ਆਪਣੀ ਵਚਨਬੱਧਤਾ 'ਤੇ ਦ੍ਰਿੜ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ ਅਤੇ ਕਹਿੰਦੇ ਸਨ ਕਿ ਭਾਰਤ ਇਕ ਗਰੀਬ ਦੇਸ਼ ਹੈ ਪਰ ਅੱਜ ਪੂਰੀ ਦੁਨੀਆ ਕੰਨ ਖੋਲ੍ਹ ਕੇ ਸੁਣਦੀ ਹੈ ਕਿ ਭਾਰਤ ਕੀ ਬੋਲ ਰਿਹਾ ਹੈ। ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            