IT ਕਰਮਚਾਰੀਆਂ ਲਈ ਵੱਜਿਆ ਖ਼ਤਰੇ ਦਾ 'ਘੁੱਗੂ', ਰੀਅਲ ਅਸਟੇਟ ਸੈਕਟਰ ਦਾ ਵੀ ਹੋਇਆ ਬੁਰਾ ਹਾਲ
Tuesday, Mar 18, 2025 - 12:42 PM (IST)

ਬਿਜ਼ਨੈੱਸ ਡੈਸਕ- ਭਾਰਤ ਦੇ ਟੈੱਕ ਹੱਬ ਵਜੋਂ ਜਾਣਿਆ ਜਾਂਦਾ ਬੈਂਗਲੁਰੂ ਸ਼ਹਿਰ ਲੰਬੇ ਸਮੇਂ ਤੋਂ ਆਈ.ਟੀ. ਪ੍ਰੋਫੈਸ਼ਨਲਜ਼ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇੱਥੇ ਹਜ਼ਾਰਾਂ ਕਾਮਿਆਂ ਦੇ ਰਹਿਣ ਲਈ ਪੀ.ਜੀ. ਤੇ ਕਿਰਾਏ 'ਤੇ ਅਪਾਰਟਮੈਂਟ ਵੀ ਮੁਹੱਈਆ ਕਰਵਾਉਂਦਾ ਹੈ। ਹਾਲਾਂਕਿ, ਇਸ ਸ਼ਹਿਰ ਦੇ ਮੌਜੂਦਾ ਹਾਲਾਤ ਹੁਣ ਕੁਝ ਠੀਕ ਨਹੀਂ ਹਨ। ਹੁਣ ਇੱਥੇ ਬਹੁਤ ਸਾਰੇ ਆਈ.ਟੀ. ਕਰਮਚਾਰੀਆਂ ਦੇ ਸਿਰ 'ਤੇ ਨੌਕਰੀਆਂ ਤੋਂ ਕੱਢੇ ਜਾਣ ਦੀ ਤਲਵਾਰ ਲਟਕ ਰਹੀ ਹੈ, ਜਿਸ ਦਾ ਮੁੱਖ ਕਾਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਨੂੰ ਮੰਨਿਆ ਜਾ ਰਿਹਾ ਹੈ।
ਆਲਮ ਇਹ ਰਿਹਾ ਹੈ ਕਿ ਸਿਰਫ਼ ਸਾਲ 2024 'ਚ ਹੀ 50,000 ਤੋਂ ਵੱਧ ਆਈ.ਟੀ. ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ, ਜਿਸ ਦਾ ਅਸਰ ਸਿਰਫ਼ ਆਈ.ਟੀ. ਸੈਕਟਰ 'ਤੇ ਹੀ ਨਹੀਂ ਪਿਆ, ਇਸ ਛਾਂਟੀ ਕਾਰਨ ਹਾਊਸਿੰਗ ਮਾਰਕੀਟ, ਰੀਅਲ ਅਸਟੇਟ ਤੇ ਸਥਾਨਕ ਵਪਾਰੀ ਵਰਗ ਨੂੰ ਵੀ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ।
ਇਕ ਰਿਪੋਰਟ ਦੇ ਅਨੁਸਾਰ ਆਉਣ ਵਾਲੇ ਕੁਝ ਮਹੀਨਿਆਂ 'ਚ ਬੈਂਗਲੁਰੂ ਦੇ ਆਈ.ਟੀ. ਸੈਕਟਰ 'ਚ ਵੱਡੇ ਪੱਧਰ 'ਤੇ ਛਾਂਟੀ ਹੋਣ ਦੀ ਉਮੀਦ ਹੈ, ਜਿਸ ਦਾ ਸਭ ਤੋਂ ਵੱਧ ਅਸਰ ਘੱਟ ਤਨਖਾਹ ਵਾਲੇ ਕਰਮਚਾਰੀਆਂ 'ਤੇ ਦਿਖੇਗਾ। ਆਈ.ਟੀ. ਕੰਪਨੀਆਂ ਵੱਲੋਂ ਐਂਟਰੀ ਲੈਵਲ ਦੇ ਪ੍ਰੋਗਰਾਮਰਜ਼ ਤੇ ਸਾਫਟਵੇਅਰ ਟੈਸਟਰਜ਼ ਦੀ ਜਗ੍ਹਾ ਹੁਣ ਏ.ਆਈ. ਸਿਸਟਮ ਲੈਂਦਾ ਜਾ ਰਿਹਾ ਹੈ, ਜੋ ਕਿ ਖੁਦ ਕੋਡਿੰਗ, ਡਿਬੱਗਿੰਗ ਤੇ ਸਾਫਟਵੇਅਰ ਆਪਟੀਮਾਈਜ਼ੇਸ਼ਨ ਕਰ ਸਕਦਾ ਹੈ, ਉਹ ਵੀ ਕਰਮਚਾਰੀਆਂ ਨੂੰ ਦਿੱਤੀ ਜਾਂਦੀ ਤਨਖਾਹ ਤੋਂ ਬਹੁਤ ਘੱਟ ਕੀਮਤਾਂ 'ਤੇ, ਜਿਸ ਕਾਰਨ ਹਜ਼ਾਰਾਂ ਕਰਮਚਾਰੀਆਂ ਦੇ ਸਿਰ 'ਤੇ ਨੌਕਰੀ ਤੋਂ ਕੱਢੇ ਜਾਣ ਦੀ ਤਲਵਾਰ ਲਟਕਣ ਲੱਗੀ ਹੈ।
ਇਹ ਵੀ ਪੜ੍ਹੋ- ਭਾਰਤ ਨੇ ਵੀ ਅਪਣਾਇਆ ਸਖ਼ਤ ਰੁਖ਼, ਦਿੱਲੀ ਪੁਲਸ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਰੇਗੀ Deport
ਇਸ ਛਾਂਟੀ ਦਾ ਆਈ.ਟੀ. ਕਰਮਚਾਰੀਆਂ ਦੇ ਨਾਲ-ਨਾਲ ਹਾਊਸਿੰਗ ਮਾਰਕੀਟ 'ਤੇ ਵੀ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ, ਕਿਉਂਕਿ ਬੈਂਗਲੁਰੂ 'ਚ ਆਈ.ਟੀ. ਪ੍ਰੋਫੈਸ਼ਨਲ ਜ਼ਿਆਦਾਤਰ ਕਿਰਾਏ ਦੇ ਅਪਾਰਟਮੈਂਟਾਂ 'ਚ ਰਹਿੰਦੇ ਹਨ। ਜੇਕਰ ਉਨ੍ਹਾਂ ਦੀ ਨੌਕਰੀ ਹੀ ਨਹੀਂ ਰਹੇਗੀ ਤਾਂ ਉਨ੍ਹਾਂ ਨੂੰ ਆਪਣੇ ਕਮਰੇ ਖਾਲੀ ਕਰਨੇ ਪੈਣਗੇ, ਜਿਸ ਕਾਰਨ ਪੀ.ਜੀ. ਤੇ ਕਿਰਾਏ ਦੇ ਅਪਾਰਟਮੈਂਟ ਦੇ ਮਾਲਕਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਵੇਗਾ। ਇਸ ਤੋਂ ਇਲਾਵਾ ਜਿਹੜੇ ਅਪਾਰਟਮੈਂਟ ਮਾਲਕਾਂ ਨੇ ਆਈ.ਟੀ. ਸੈਕਟਰ ਦੇ ਕਰਮਚਾਰੀਆਂ ਦੇ ਰਹਿਣ ਲਈ ਅਪਾਰਟਮੈਂਟ ਬਣਾਉਣ 'ਤੇ ਬਹੁਤ ਜ਼ਿਆਦਾ ਪੈਸਾ ਖ਼ਰਚ ਕੀਤਾ ਹੈ, ਉਨ੍ਹਾਂ ਲਈ ਤਾਂ ਇਹ ਛਾਂਟੀ ਬਹੁਤ ਵੱਡੀ ਚੁਣੌਤੀ ਹੋਵੇਗੀ। ਇਸ ਨਾਲ ਉਨ੍ਹਾਂ ਦੀ ਕਮਾਈ ਤਾਂ ਘਟੇਗੀ ਹੀ, ਨਾਲ ਹੀ ਉਨ੍ਹਾਂ ਦੀਆਂ ਜਾਇਦਾਦਾਂ ਦੀਆਂ ਕੀਮਤਾਂ 'ਚ ਵੀ ਭਾਰੀ ਗਿਰਾਵਟ ਆਵੇਗੀ।
ਰੀਅਲ ਅਸਟੇਟ ਇਨਵੈਸਟਰ, ਜਿਨ੍ਹਾਂ ਨੇ ਕਰੋੜਾਂ ਰੁਪਏ ਖ਼ਰਚ ਕੇ ਟੈੱਕ ਪਾਰਕ ਤੇ ਆਈ.ਟੀ. ਕੰਪਨੀਆਂ ਦੇ ਕਾਰਪੋਰੇਟ ਦਫ਼ਤਰਾਂ ਨੇੜੇ ਘਰ, ਪੀ.ਜੀ. ਜਾਂ ਅਪਾਰਟਮੈਂਟ ਬਣਾਏ ਹਨ, ਉਨ੍ਹਾਂ ਲਈ ਇਹ ਹਾਲਾਤ ਹੋਰ ਜ਼ਿਆਦਾ ਭਿਆਨਕ ਹੋਣਗੇ, ਕਿਉਂਕਿ ਉਨ੍ਹਾਂ ਨੇ ਇਹ ਪੈਸਾ ਲੰਬੇ ਸਮੇਂ ਤੱਕ ਅਪਾਰਟਮੈਂਟ ਤੇ ਘਰਾਂ 'ਚ ਰਹਿਣ ਵਾਲੇ ਕਰਮਚਾਰੀਆਂ ਤੋਂ ਕਮਾਈ ਕਰਨ ਲਈ ਬਣਾਏ ਸਨ, ਪਰ ਹੁਣ ਜੇਕਰ ਇਹ ਕਰਮਚਾਰੀ ਹੀ ਨਹੀਂ ਰਹਿਣਗੇ ਤਾਂ ਉਨ੍ਹਾਂ ਨੂੰ ਕਮਾਈ ਕਿੱਥੋਂ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e