ਇਸਰੋ ਨੇ ਫਿਰ ਗੱਡੇ ਝੰਡੇ, ਇਕ ਮਹੀਨੇ ’ਚ ਪੂਰਾ ਕੀਤਾ ਜ਼ੀਰੋ ਆਰਬਿਟਲ ਮਲਬਾ ਮਿਸ਼ਨ
Tuesday, Mar 26, 2024 - 06:46 PM (IST)
ਬੈਂਗਲੁਰੂ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ. ਐੱਸ. ਐੱਲ. ਵੀ.) ਨੇ ਇਕ ਮਹੀਨੇ ਦੇ ਥੋੜ੍ਹੇ ਸਮੇਂ ’ਚ ਹੀ ਜ਼ੀਰੋ ਆਰਬਿਟਲ ਮਲਬਾ ਮਿਸ਼ਨ ਨੂੰ ਪੂਰਾ ਕਰ ਕੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਇਹ ਦੇਸ਼ ਦੀ ਪੁਲਾੜ ਏਜੰਸੀ ਦੀਆਂ ਪ੍ਰਾਪਤੀਆਂ ਦੀ ਲੜੀ ’ਚ ਇਕ ਹੋਰ ਮੀਲ ਪੱਥਰ ਹੈ।
ਇਸਰੋ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਇਸਰੋ ਨੇ ਕਿਹਾ ਕਿ ਇਹ ਸਫਲਤਾ 21 ਮਾਰਚ ਨੂੰ ਉਦੋਂ ਪ੍ਰਾਪਤ ਕੀਤੀ ਗਈ ਜਦੋਂ ਪੀ. ਐੱਸ. ਐੱਲ. ਵੀ. ਅਾਰਬਿਟਲ ਪ੍ਰਯੋਗਾਤਮਕ ਮਾਡਿਊਲ-3 (ਪੀ. ਓ. ਈ. ਐੱਮ.-3) ਨੇ ਧਰਤੀ ਦੇ ਹਵਾਮੰਡਲ ’ਚ ਮੁੜ ਦਾਖਲੇ ਰਾਹੀਂ ਆਪਣਾ ਮਿਸ਼ਨ ਪੂਰਾ ਕੀਤਾ। ਪੁਲਾੜ ਏਜੰਸੀ ਨੇ ਕਿਹਾ ਕਿ ਪੀ. ਐੱਸ. ਐੱਲ. ਵੀ.-ਸੀ 58/ਐਕਸਪੋਸੈਟ ਮਿਸ਼ਨ ਨੇ ਆਰਬਿਟ ’ਚ ਅਮਲੀ ਤੌਰ ’ਤੇ ਜ਼ੀਰੋ ਮਲਬਾ ਛੱਡ ਦਿੱਤਾ ਹੈ। ਇਸਰੋ ਮੁਤਾਬਕ ਸਾਰੇ ਉਪਗ੍ਰਹਿਆਂ ਨੂੰ ਉਨ੍ਹਾਂ ਦੇ ਇੱਛਤ ਪੰਧ ’ਚ ਰੱਖਣ ਦਾ ਮੁੱਢਲਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਪੀ. ਐੱਸ. ਐੱਲ. ਵੀ. ਦੇ ਟਰਮੀਨਲ ਦੀ ਸਟੇਜ ਨੂੰ 3-ਧੁਰਾ ਸਥਿਰ ਪਲੇਟਫਾਰਮ ’ਚ ਬਦਲ ਦਿੱਤਾ ਗਿਆ।