ਚੰਦਰਯਾਨ-3 ਦੀ ਲਾਂਚਿੰਗ ਲਈ ਤਿਆਰ ''ਇਸਰੋ'', ਜ਼ਰੂਰੀ ਪਰੀਖਣ ਸਫ਼ਲਤਾਪੂਰਵਕ ਪੂਰੇ
Monday, May 22, 2023 - 01:41 PM (IST)
ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ 12 ਜੁਲਾਈ ਨੂੰ ਆਪਣੇ ਚੰਦਰ ਮਿਸ਼ਨ ਚੰਦਰਯਾਨ-3 ਦਾ ਤੀਜਾ ਆਡੀਸ਼ਨ ਲਾਂਚ ਕਰਨ ਦੀ ਉਮੀਦ ਹੈ। ਪੁਲਾੜ ਏਜੰਸੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪ੍ਰਾਜੈਕਟ ਅੱਗੇ ਵਧ ਰਿਹਾ ਹੈ। ਪੁਲਾੜ ਯਾਨ ਨਾਲ ਸਬੰਧਤ ਸਾਰੇ ਜ਼ਰੂਰੀ ਪ੍ਰੀਖਣ ਸਫਲਤਾਪੂਰਵਕ ਪੂਰੇ ਹੋ ਗਏ ਹਨ। ਓਧਰ ਇਸਰੋ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਜੁਲਾਈ ਦੀ ਸ਼ੁਰੂਆਤ ਵਿਚ ਯਾਨ ਨੂੰ ਲਾਂਚ ਕਰਨ ਦਾ ਫ਼ੈਸਲਾ ਤਾਂ ਹੈ ਪਰ ਅਜੇ ਆਖ਼ਰੀ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ।
ਚੰਦਰਯਾਨ ਪ੍ਰੋਗਰਾਮ ਦੇ ਇਸ ਤੀਜੇ ਪੁਲਾੜ ਯਾਨ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦੇ ਸਭ ਤੋਂ ਵਜ਼ਨੀ ਲਾਂਚਿੰਗ ਯਾਨੀ ਜੀ. ਐੱਸ. ਐੱਲ. ਵੀ. ਐੱਮ. ਕੇ.-3 ਤੋਂ ਲਾਂਚ ਕੀਤਾ ਜਾਵੇਗਾ। ਚੰਦਰਯਾਨ-3 ਵਿਗਿਆਨਕ ਉਪਕਰਨਾਂ ਨੂੰ ਵੀ ਲੈ ਕੇ ਜਾਵੇਗਾ। ਇਸ ਦੇ ਜ਼ਰੀਏ ਚੰਨ ਦੀ ਸਤ੍ਹਾ 'ਤੇ ਮੌਜੂਦ ਧੂੜ, ਟੁੱਟੀਆਂ ਚੱਟਾਨਾਂ ਅਤੇ ਹੋਰ ਸਮੱਗਰੀ ਦੇ ਤਾਪ ਭੌਤਿਕ ਗੁਣਾਂ, ਭੂਚਾਲ ਸਮਰੱਥਾ, ਚੰਨ ਦੀ ਸਤ੍ਹਾ 'ਤੇ ਵਾਤਾਵਰਣ ਅਤੇ ਮੌਲਿਕ ਬੁਨਿਆਦੀ ਢਾਂਚੇ ਦਾ ਅਧਿਐਨ ਹੋਵੇਗਾ।
ਦੱਸ ਦੇਈਏ ਕਿ ਇਸਰੋ ਵਲੋਂ 2008 ਵਿਚ ਪਹਿਲਾਂ ਚੰਦਰਯਾਨ ਸਫ਼ਲਤਾਪੂਰਵਰ ਚੰਨ ਦੇ ਪੰਧ 'ਚ ਸਥਾਪਤ ਕੀਤਾ ਗਿਆ ਸੀ। ਚੰਦਰਯਾਨ-2 2019 ਵਿਚ ਲਾਂਚ ਕੀਤਾ ਗਿਆ ਸੀ ਪਰ ਇਸ ਦਾ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਦੋਂ ਇਹ 6 ਸਤੰਬਰ 2019 ਨੂੰ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਲਾਂਚਿੰਗ ਤੋਂ ਭਟਕ ਗਿਆ ਸੀ।