ਇਸਰੋ ਚੀਫ ਨੇ ਦੱਸਿਆ, ਆਖਰ ਕਿਵੇਂ ਚੁਣੇ ਗਏ ''ਗਗਨਯਾਨ'' ਲਈ ਪੁਲਾੜ ਯਾਤਰੀ
Wednesday, Jan 08, 2020 - 05:04 PM (IST)

ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਮੁਖੀ ਕੇ. ਸੀਵਾਨ ਨੇ ਮੰਗਲਵਾਰ ਨੂੰ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ 11 ਮਹੀਨੇ ਦੀ ਟਰੇਨਿੰਗ ਲਈ ਰੂਸ ਭੇਜਿਆ ਜਾਵੇਗਾ। ਹਾਲਾਂਕਿ ਅਗਲੇ ਸਾਲ ਯਾਨੀ 2021 ਦਸੰਬਰ 'ਚ ਭੇਜੇ ਜਾਣ ਵਾਲੇ ਇਸ ਮਿਸ਼ਨ 'ਚ ਸਿਰਫ਼ ਇਕ ਪੁਲਾੜ ਯਾਤਰੀ ਨੂੰ ਭੇਜਿਆ ਜਾ ਸਕਦਾ ਹੈ।
ਸੀਵਾਨ ਨੇ ਦੱਸਿਆ,''ਅਸੀਂ ਤਿੰਨ ਲੋਕਾਂ ਨੂੰ 7 ਦਿਨਾਂ ਲਈ ਪੁਲਾੜ 'ਚ ਭੇਜਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਸ 'ਤੇ ਕਿੰਨੇ ਲੋਕਾਂ ਨੂੰ ਕਿੰਨੇ ਦਿਨਾਂ ਲਈ ਭੇਜਿਆ ਜਾਂਦਾ ਹੈ, ਇਹ 2 ਟੈਸਟ ਫਲਾਈਟ ਤੋਂ ਬਾਅਦ ਤੈਅ ਕੀਤਾ ਜਾਵੇਗਾ। ਆਮ ਤੌਰੇ 'ਤੇ ਪਹਿਲੀ ਫਲਾਈਟ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਅਮਰੀਕਾ, ਚੀਨ ਤੇ ਰੂਸ ਵਰਗੇ ਦੇਸ਼ਾਂ ਨੇ ਵੀ ਪਹਿਲੀ ਵਾਰ ਸਿਰਫ਼ ਇਕ ਵਿਅਕਤੀ ਨੂੰ ਹੀ ਘੱਟ ਸਮੇਂ ਲਈ ਪੁਲਾੜ 'ਚ ਭੇਜਿਆ ਸੀ।''
ਮਿਸ਼ਨ 'ਤੇ ਆਏਗਾ ਇੰਨਾ ਖਰਚ
ਗਗਨਯਾਨ ਮਿਸ਼ਨ 'ਤੇ 10 ਹਜ਼ਾਰ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ 2018 ਨੂੰ ਇਸ ਮਿਸ਼ਨ ਦਾ ਐਲਾਨ ਕੀਤਾ ਸੀ। ਇਸ ਦੇ ਅਧੀਨ ਇਸਰੋ ਭਾਰਤੀ ਹਵਾਈ ਫੌਜ ਤੋਂ ਚੁਣੇ ਪੁਲਾੜ ਯਾਤਰੀਆਂ ਨੂੰ ਇਕ ਹਫਤੇ ਲਈ ਲਾਅ ਅਰਥ ਆਰਬਿਟ 'ਚ ਭੇਜੇਗਾ। ਇਹ ਆਰਬਿਟ ਧਰਤੀ ਤੋਂ 2 ਹਜ਼ਾਰ ਕਿਲੋਮੀਟਰ ਦੀ ਉੱਚਾਈ 'ਤੇ ਸਥਿਤ ਹੈ ਅਤੇ ਜ਼ਿਆਦਾਤਰ ਸੈਟੇਲਾਈਟ ਇਸੇ ਆਰਬਿਟ 'ਚ ਭੇਜੇ ਜਾਂਦੇ ਹਨ। ਇਹ ਪੁਲਾੜ ਯਾਤਰੀ ਹਫ਼ਤੇ ਭਰ ਪੁਲਾੜ 'ਚ ਰਹਿ ਕੇ ਪ੍ਰਯੋਗ ਕਰਨਗੇ ਅਤੇ ਫਿਰ ਧਰਤੀ 'ਤੇ ਵਾਪਸ ਆਉਣਗੇ।
ਕਿਸ ਨੇ ਕੀਤੀ ਪੁਲਾੜ ਯਾਤਰੀਆਂ ਦੀ ਚੋਣ
ਇਸਰੋ ਨੇ ਗਗਨਯਾਨ ਮਿਸ਼ਨ 'ਤੇ ਭੇਜੇ ਜਾਣ ਵਾਲੇ ਪੁਲਾੜ ਯਾਤਰੀਆਂ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਭਾਰਤੀ ਹਵਾਈ ਫੌਜ ਨੂੰ ਦਿੱਤੀ ਸੀ। ਹਵਾਈ ਫੌਜ ਦੇ ਇੰਸਟੀਚਿਊਟ ਆਫ ਏਅਰੋਸਪੇਸ ਮੈਡੀਸੀਨ ਨੇ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ।
ਕਿੱਥੇ ਅਤੇ ਕਿਵੇਂ ਦਿੱਤੀ ਜਾਵੇਗੀ ਟਰੇਨਿੰਗ
ਸੀਵਾਨ ਨੇ ਦੱਸਿਆ ਕਿ ਮਿਸ਼ਨ ਲਈ ਚਾਰ ਵਿਅਕਤੀਆਂ ਨੂੰ ਚੁਣਿਆ ਗਾ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੀ ਪਛਾਣ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ। ਅਗਲੇ ਹਫ਼ਤੇ ਤੋਂ ਇਨ੍ਹਾਂ ਨੂੰ ਟਰੇਨਿੰਗ ਲਈ ਰੂਸ ਭੇਜਿਆ ਜਾਵੇਗਾ। ਇੱਥੇ ਇਨ੍ਹਾਂ ਦੀ ਵੱਖ-ਵੱਖ ਵਾਤਾਵਰਣ 'ਚ ਫਿਜ਼ੀਕਲ ਟਰੇਨਿੰਗ ਹੋਵੇਗੀ ਤਾਂ ਕਿ ਉਹ ਹਰ ਵਾਤਾਵਰਣ ਦੇ ਹਿਸਾਬ ਨਾਲ ਖੁਦ ਨੂੰ ਢਾਲ ਸਕਣ। ਰੂਸ ਤੋਂ ਆਉਣ ਤੋਂ ਬਾਅਦ ਭਾਰਤ 'ਚ ਇਸਰੋ ਇਨ੍ਹਾਂ ਨੂੰ ਇਕ ਹੋਰ ਟਰੇਨਿੰਗ ਦੇਵੇਗਾ, ਜਿਸ 'ਚ ਉਨ੍ਹਾਂ ਨੂੰ ਮਾਡਿਊਲ ਨੂੰ ਆਪਰੇਟ ਅਤੇ ਇਸ 'ਚ ਕੰਮ ਆਦਿ ਕਰਨਾ ਸਿਖਾਇਆ ਜਾਵੇਗਾ।