ਇਸ਼ਰਤ ਜਹਾਂ ਮਾਮਲਾ : ਸਾਬਕਾ ਪੁਲਸ ਅਧਿਕਾਰੀ ਵੰਜਾਰਾ ਤੇ ਅਮੀਨ ਦੋਸ਼ ਮੁਕਤ

Thursday, May 02, 2019 - 01:49 PM (IST)

ਅਹਿਮਦਾਬਾਦ (ਭਾਸ਼ਾ)— ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਇਸ਼ਰਤ ਜਹਾਂ ਫਰਜ਼ੀ ਐਨਕਾਊਂਟਰ ਮਾਮਲੇ ਵਿਚ ਸਾਬਕਾ ਅਧਿਕਾਰੀਆਂ ਡੀ. ਜੀ. ਵੰਜਾਰਾ ਅਤੇ ਐੱਨ. ਕੇ. ਅਮੀਨ ਨੂੰ ਦੋਸ਼ ਮੁਕਤ ਕਰ ਦਿੱਤਾ ਹੈ। ਗੁਜਰਾਤ ਸਰਕਾਰ ਨੇ ਦੋਹਾਂ ਸਾਬਕਾ ਅਧਿਕਾਰੀਆਂ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਵਿਸ਼ੇਸ਼ ਅਦਾਲਤ ਨੇ ਦੋਹਾਂ ਨੂੰ ਦੋਸ਼ ਮੁਕਤ ਕੀਤੇ ਜਾਣ ਦਾ ਫੈਸਲਾ ਸੁਣਾਇਆ। ਕੇਂਦਰੀ ਜਾਂਚ ਬਿਊਰੋ ਨੇ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੂੰ ਕਿਹਾ ਸੀ ਕਿ ਇਸ਼ਰਤ ਜਹਾਂ ਅਤੇ 3 ਹੋਰ ਲੋਕਾਂ ਨੂੰ ਫਰਜ਼ੀ ਐਨਕਾਊਂਟਰ ਵਿਚ ਮਾਰਨ ਵਾਲੇ ਸਾਬਕਾ ਅਧਿਕਾਰੀਆਂ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦਿੱਤੀ ਜਾਵੇ ਪਰ ਗੁਜਰਾਤ ਸਰਕਾਰ ਨੇ ਉਨ੍ਹਾਂ ਦੋਹਾਂ ਵਿਰੁੱਧ ਮੁਕੱਦਮਾ ਚਲਾਉ ਦੀ ਆਗਿਆ ਨਹੀਂ ਦਿੱਤੀ।

ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਜੇ. ਕੇ. ਪਾਂਡਯਾ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ ਹੈ, ਅਜਿਹੇ ਵਿਚ ਉਨ੍ਹਾਂ ਦੀ ਦੋਸ਼ ਮੁਕਤ ਕਰਨ ਦੀ ਅਰਜ਼ੀ ਨੂੰ ਮਨਜ਼ੂਰ ਕੀਤਾ ਜਾਂਦਾ ਹੈ। ਇਸ ਲਈ ਉਨ੍ਹਾਂ ਵਿਰੁੱਧ ਚੱਲ ਰਿਹਾ ਮਾਮਲਾ ਖਤਮ ਕੀਤਾ ਜਾਂਦਾ ਹੈ। ਇੱਥੇ ਦੱਸ ਦੇਈਏ ਕਿ ਕਿ ਆਈ. ਪੀ. ਸੀ. ਦੀ ਧਾਰਾ-197 ਤਹਿਤ ਸਰਕਾਰੀ ਡਿਊਟੀ ਤਹਿਤ ਕਿਸੇ ਵੀ ਸਰਕਾਰੀ ਕਰਮਚਾਰੀ ਵਲੋਂ ਕੀਤੇ ਗਏ ਕੰਮ ਦੇ ਸਿਲਸਿਲੇ ਵਿਚ ਮੁਕੱਦਮਾ ਚਲਾਉਣ ਲਈ ਸਰਕਾਰ ਤੋਂ ਮਨਜ਼ੂਰੀ ਮਿਲਣਾ ਜ਼ਰੂਰੀ ਹੈ। 

ਜ਼ਿਕਰਯੋਗ ਹੈ ਕਿ 15 ਜੂਨ 2004 'ਚ ਮੁੰਬਈ ਕੋਲ ਮੁੰਬਰਾ ਵਾਸੀ 19 ਸਾਲਾ ਇਸ਼ਰਤ ਜਹਾਂ, ਜਾਵੇਦ ਸ਼ੇਖ ਉਰਫ ਪ੍ਰਣੇਸ਼ ਪਿੱਲੈ, ਅਮਜ਼ਦ ਅਲੀ ਅਕਬਰ ਅਲੀ ਰਾਣਾ ਅਤੇ ਜੀਸ਼ਾਨ ਜੌਹਰ ਨੂੰ ਅਹਿਮਦਾਬਾਦ ਕੋਲ ਪੁਲਸ ਨੇ ਫਰਜ਼ੀ ਐਨਕਾਊਂਟਰ ਵਿਚ ਮਾਰ ਦਿੱਤਾ ਸੀ। ਪੁਲਸ ਨੇ ਦਾਅਵਾ ਕੀਤਾ ਸੀ ਕਿ ਉਹ ਲੋਕ ਅੱਤਵਾਦੀ ਸਨ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰਨ ਲਈ ਗੁਜਰਾਤ ਆਏ ਸਨ।


Tanu

Content Editor

Related News