ਕੀ ਭਾਜਪਾ ਦੇ ਅੰਦਰ ਕੁਝ ਵੱਡਾ ਚੱਲ ਰਿਹੈ? ਸਿਆਸੀ ਲੜਾਈ ਖਤਮ-ਸਰਵਉੱਚਤਾ ਦੀ ਲੜਾਈ ਹੋਈ ਤੇਜ਼

Thursday, Oct 10, 2024 - 07:09 PM (IST)

ਕੀ ਭਾਜਪਾ ਦੇ ਅੰਦਰ ਕੁਝ ਵੱਡਾ ਚੱਲ ਰਿਹੈ? ਸਿਆਸੀ ਲੜਾਈ ਖਤਮ-ਸਰਵਉੱਚਤਾ ਦੀ ਲੜਾਈ ਹੋਈ ਤੇਜ਼

ਗੁੜਗਾਓਂ, (ਗੌਰਵ ਤਿਵਾੜੀ)- ਹਰਿਆਣਾ ਦੀ ਸਿਆਸਤ ਵਿਚ ਇਸ ਵਿਧਾਨ ਸਭਾ ਦੌਰਾਨ ਕਈ ਚਮਤਕਾਰ ਹੋ ਚੁੱਕੇ ਹਨ। ਕਾਂਗਰਸ ਦੀ ਲਹਿਰ ਦੇ ਵਿਚਕਾਰ ਉਸ ਨੂੰ ਬੈਕ ਫੁੱਟ ’ਤੇ ਲਿਜਾਣਾ ਅਤੇ ਪੂਰਨ ਬਹੁਮਤ ਹਾਸਲ ਕਰ ਲੈਣਾ ਹਰਿਆਣਾ ਵਿਚ ਭਾਜਪਾ ਲਈ ਇੰਨਾ ਆਸਾਨ ਨਹੀਂ ਸੀ। ਹਰਿਆਣਾ ਦੀ ਜਿੱਤ ਵਿਚ ਸਭ ਤੋਂ ਅਹਿਮ ਦੱਖਣੀ ਹਰਿਆਣਾ ਦੀ ਰਾਓ ਬੈਲਟ ਵੀ ਮੰਨਿਆ ਜਾ ਰਿਹਾ ਹੈ।

ਕਾਂਗਰਸ ਦੀ ਲਹਿਰ ਦੇ ਵਿਚਕਾਰ ਉਸ ਨੂੰ ਬੈਕ ਫੁੱਟ ’ਤੇ ਲੈ ਕੇ ਜਾਣਾ ਅਤੇ ਪੂਰਨ ਬਹੁਮਤ ਹਾਸਲ ਕਰਨਾ ਹਰਿਆਣਾ ਵਿਚ ਭਾਜਪਾ ਲਈ ਇੰਨਾ ਆਸਾਨ ਨਹੀਂ ਸੀ। ਹਰਿਆਣਾ ਦੀ ਜਿੱਤ ਵਿਚ ਸਭ ਤੋਂ ਅਹਿਮ ਦੱਖਣੀ ਹਰਿਆਣਾ ਦੀ ਰਾਓ ਬੈਲਟ ਨੂੰ ਵੀ ਮੰਨਿਆ ਜਾ ਰਿਹਾ ਹੈ। ਇਥੇ ਚੋਣਾਂ ਦੇ ਸਮੇਂ ਭਾਜਪਾ ਨੂੰ ਵੱਡੀਆਂ ਰੈਲੀਆਂ ਕਰਨ ਵਿਚ ਵੀ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿਉਂਕਿ ਭਾਜਪਾ ਦੀਆਂ ਰੈਲੀਆਂ ਵਿਚੋਂ ਸਮਰਥਕ ਗਾਇਬ ਹੋਣ ਲੱਗੇ ਸਨ, ਇਸ ਦੇ ਬਾਵਜੂਦ ਰਾਓ ਆਗੂਆਂ ਦੀ ਮਿਹਨਤ ਰੰਗ ਲਿਆਈ ਅਤੇ ਭਾਜਪਾ ਦੇ ਸਾਰੇ ਵੱਡੇ ਰਾਓ ਦਿੱਗਜਾਂ ਨੂੰ ਕਾਮਯਾਬੀ ਮਿਲੀ।

ਇਨ੍ਹਾਂ ਚੋਣਾਂ ਵਿਚ ਭਾਜਪਾ 3 ਵਾਰ ਲਗਾਤਾਰ ਤੇ 5ਵੀਂ ਵਾਰ ਸੰਸਦ ਮੈਂਬਰ ਬਣੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਦੀ ਖੂਬ ਚੱਲੀ। ਰਾਓ ਇੰਦਰਜੀਤ ਆਪਣੀ ਬੇਟੀ ਸਮੇਤ 9 ਵਿਧਾਨ ਸਭਾਵਾਂ ’ਚ ਆਪਣੇ ਸਮਰਥਕਾਂ ਨੂੰ ਟਿਕਟਾਂ ਦਿਵਾਉਣ ’ਚ ਸਫਲ ਰਹੇ। ਦੱਸਿਆ ਜਾਂਦਾ ਹੈ ਕਿ ਇਸ ਸਮੇਂ ਰਾਓ ਇੰਦਰਜੀਤ ਦੇ ਖੇਮੇ ’ਚ ਕੁੱਲ 9 ਵਿਧਾਇਕ ਹਨ, ਜਿਨ੍ਹਾਂ ’ਚ ਓਮਪ੍ਰਕਾਸ਼ ਯਾਦਵ ਨਾਰਨੌਲ, ਕੰਵਰ ਸਿੰਘ ਯਾਦਵ ਮਹਿੰਦਰਗੜ੍ਹ, ਆਰਤੀ ਰਾਓ ਅਟੇਲੀ, ਲਕਸ਼ਮਣ ਯਾਦਵ ਰੇਵਾੜੀ, ਅਨਿਲ ਯਾਦਵ ਕੋਸਲੀ, ਡਾ. ਕ੍ਰਿਸ਼ਨ ਕੁਮਾਰ ਬਾਵਲ, ਬਿਮਲਾ ਚੌਧਰੀ ਪਟੌਦੀ, ਮੁਕੇਸ਼ ਪਹਿਲਵਾਨ ਗੁੜਗਾਓਂ, ਤੇਜਪਾਲ ਤੰਵਰ ਸੋਹਨਾ ਹਨ।

ਇਨ੍ਹਾਂ ਸਾਰੇ ਅਜਿਹੀਆਂ ਵਿਧਾਨ ਸਭਾਵਾਂ ਤੋਂ ਵਿਧਾਇਕ ਚੁਣ ਕੇ ਆਏ ਹਨ , ਜਿੱਥੇ ਕਾਂਗਰਸ ਦੀ ਵੱਡੀ ਲਹਿਰ ਮੰਨੀ ਜਾ ਰਹੀ ਸੀ। ਕਈ ਐਗਜ਼ਿਟ ਪੋਲ ਵੀ ਇਨ੍ਹਾਂ ਵਿਧਾਨ ਸਭਾਵਾਂ ਵਿਚ ਕਾਂਗਰਸ ਦੀ ਜਿੱਤ ਦਰਸਾ ਰਹੇ ਸਨ, ਇਸ ਸਭ ਦੇ ਬਾਵਜੂਦ ਰਾਓ ਇੰਦਰਜੀਤ ਸਿੰਘ ਨੇ ਸਾਰੇ ਖੇਤਰਾਂ ਵਿਚ ਅਜਿਹਾ ਜਾਲ ਵਿਛਾ ਦਿੱਤਾ ਕਿ ਸਾਰੀਆਂ ਸੀਟਾਂ ਭਾਜਪਾ ਦੀ ਝੋਲੀ ਪੈ ਗਈਆਂ। ਇਨ੍ਹਾਂ ਵਿਧਾਨ ਸਭਾਵਾਂ ’ਚ ਜਿੱਤ ਤੋਂ ਬਾਅਦ ਦੱਖਣੀ ਹਰਿਆਣਾ ’ਚ ਰਾਓ ਇੰਦਰਜੀਤ ਸਿੰਘ ਦੀ ਸਿਆਸੀ ਤਾਕਤ ਕਾਫੀ ਵਧ ਗਈ ਹੈ।

ਸ਼ਾਇਦ ਇਸੇ ਲਈ ਹੁਣ ਰਾਓ ਇੰਦਰਜੀਤ ਸਿੰਘ ਦੱਖਣੀ ਹਰਿਆਣਾ ਨੂੰ ਹੱਕ ਦਿਵਾਉਣ ਦੀ ਗੱਲ ਸ਼ੁਰੂ ਕਰਨ ਲੱਗੇ ਹਨ। ਦੱਸ ਦੇਈਏ ਕਿ ਰਾਓ ਬੈਲਟ ਵਿਚ ਪਹਿਲਾਂ ਤੋਂ ਹੀ ਰਾਓ ਇੰਦਰਜੀਤ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਉੱਠ ਰਹੀ ਹੈ। ਇਸ ਵਾਰ ਰਾਓ ਇੰਦਰਜੀਤ ਦੀ ਵੱਡੀ ਕਾਮਯਾਬੀ ਤੋਂ ਬਾਅਦ ਇਹ ਮੰਗ ਤੇਜ਼ ਹੋ ਗਈ ਹੈ। ਰਾਓ ਇੰਦਰਜੀਤ ਦਾ ਦੱਖਣੀ ਹਰਿਆਣਾ ਵਿਚ ਵੱਡਾ ਕੱਦ ਹੈ, ਹੁਣ ਸਮਾਂ ਦੱਸੇਗਾ ਕਿ ਇਸ ਰਾਓ ਕੈਂਪ ਨੂੰ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਮਿਲਦੀਆਂ ਹਨ।

ਰਾਓ ਇੰਦਰਜੀਤ ਨੇ ਕਿਹਾ- ਇਕ ਸਾਬਕਾ ਮੁੱਖ ਮੰਤਰੀ ਨੇ ਸਾਨੂੰ ਵੰਡਣਾ ਚਾਹਿਆ

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਬਹੁਮਤ ਮਿਲਣ ਤੋਂ ਬਾਅਦ ਗੁਰੂਗ੍ਰਾਮ ਤੋਂ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਬਿਨਾਂ ਨਾਂ ਲਏ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ’ਤੇ ਨਿਸ਼ਾਨਾ ਵਿੰਨ੍ਹਿਆ। ਰਾਓ ਨੇ ਕਿਹਾ ਕਿ ਸਾਡੇ ਇਕ ਮੁੱਖ ਮੰਤਰੀ ਹੋਇਆ ਕਰਦੇ ਸਨ। ਮੈਂ ਉਨ੍ਹਾਂ ਦਾ ਨਾਂ ਨਹੀਂ ਲਵਾਂਗਾ। ਉਨ੍ਹਾਂ 10 ਸਾਲ ਦੇ ਅੰਦਰ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਲੜਾਉਣ ਦੀ ਕੋਸ਼ਿਸ਼ ਕੀਤੀ। ਨਵੇਂ-ਨਵੇਂ ਨੇਤਾ ਬਣਾਉਣ ਦੀ ਕੋਸ਼ਿਸ਼ ਕੀਤੀ।

ਜਿਹੜੇ ਲੋਕ ਅੱਜ ਤੱਕ ਆਪ ਆਗੂ ਨਹੀਂ ਬਣ ਸਕੇ, ਉਨ੍ਹਾਂ ਸਾਡੀ 40 ਸਾਲਾਂ ਦੀ ਮਿਹਨਤ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਜਨਤਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ। ਚਾਹੇ ਪਾਰਟੀ ਨੇ ਦਿੱਤਾ ਜਾਂ ਨਾਂ ਦਿੱਤਾ ਹੋਵੇ। ਮੈਨੂੰ ਲੱਗਦਾ ਹੈ ਕਿ ਪਾਰਟੀ ਹੁਣ ਯਕੀਨੀ ਤੌਰ ’ਤੇ ਇਸ ਦਾ ਨੋਟਿਸ ਲਵੇਗੀ। ਜਿਸ ਇਲਾਕੇ ਦੇ ਲੋਕਾਂ ਨੇ ਤੀਜੀ ਵਾਰ ਸਰਕਾਰ ਬਣਾਈ ਹੈ, ਉਸ ਦਾ ਧਿਆਨ ਰੱਖਿਆ ਜਾਵੇ।

ਅਹੀਰਵਾਲ ਬੈਲਟ ਦੀਆਂ 11 ਸੀਟਾਂ ਵਿਚੋਂ 10 ਸੀਟਾਂ ’ਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਰਾਓ ਇੰਦਰਜੀਤ ਸਿੰਘ ਰੇਵਾੜੀ ਸਥਿਤ ਰਾਮਪੁਰਾ ਹਾਊਸ ਵਿਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਲੱਗ ਰਿਹਾ ਸੀ ਕਿ ਅਟੇਲੀ ਵਿਚ ਬੇਟੀ ਆਰਤੀ ਰਾਓ 15 ਹਜ਼ਾਰ ਵੋਟਾਂ ਨਾਲ ਜਿੱਤ ਜਾਏਗੀ। ਵਿਰੋਧੀਆਂ ਨੇ ਆਰਤੀ ਨੂੰ ਹਰਾਉਣ ਦੀ ਹਰ ਕੋਸ਼ਿਸ਼ ਕੀਤੀ ਪਰ ਸਾਡੇ ਵਰਕਰਾਂ ਨੇ ਦਿਨ-ਰਾਤ ਮਿਹਨਤ ਕਰ ਕੇ ਉਸ ਨੂੰ ਜਿਤਾਉਣ ਦਾ ਕੰਮ ਕੀਤਾ।

ਆਰਤੀ ਹੀ ਨਹੀਂ, ਸਗੋਂ ਕੋਸਲੀ ਵਿਚ ਅਨਿਲ, ਬਾਵਲ ਵਿਚ ਡਾ. ਕ੍ਰਿਸ਼ਨ, ਗੁਰੂਗ੍ਰਾਮ ਵਿਚ ਮੁਕੇਸ਼ ਸ਼ਰਮਾ, ਨਾਰਨੌਲ ਵਿਚ ਓਮ ਪ੍ਰਕਾਸ਼ ਯਾਦਵ ਸਮੇਤ ਸਾਰੀਆਂ ਸੀਟਾਂ ’ਤੇ ਸਾਡੇ ਵਰਕਰਾਂ ਨੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਜੀਅ-ਤੋੜ ਮਿਹਨਤ ਕੀਤੀ। ਇਹੋ ਕਾਰਨ ਹੈ ਕਿ ਅਸੀਂ ਆਪਣੀ ਤਾਕਤ ਦਿਖਾਉਣ ਵਿਚ ਕਾਮਯਾਬ ਰਹੇ।

ਰਾਓ ਇੰਦਰਜੀਤ ਨੂੰ ਸੀ. ਐੱਮ. ਬਣਾਉਣ ਦੇ ਨਾਅਰੇ ਲੱਗੇ

ਪ੍ਰੋਗਰਾਮ ਦੌਰਾਨ ਹੀ ਵਰਕਰਾਂ ਨੇ ਰਾਓ ਇੰਦਰਜੀਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੇ ਨਾਅਰੇ ਲਾਏ। ਇਸ ’ਤੇ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਦੇ ਲੋਕਾਂ ਨੇ ਹੀ ਪਹਿਲਾਂ ਦੋ ਵਾਰ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ | ਇਸ ਵਾਰ ਔਖੇ ਹਾਲਾਤ ਦੇ ਬਾਵਜੂਦ ਸਾਡੇ ਇਲਾਕੇ ਦੇ ਲੋਕਾਂ ਨੇ ਇਕਜੁੱਟ ਹੋ ਕੇ ਸਾਡਾ ਸਾਥ ਦਿੱਤਾ। ਅਜਿਹੇ ’ਚ ਇੱਥੇ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।

ਨਾਂਗਲ ਚੌਧਰੀਆਂ ਤੋਂ ਚੋਣ ਹਾਰੇ ਮਨੋਹਰ ਲਾਲ ਖੱਟੜ ਦੇ ਨਜ਼ਦੀਕੀ ਭਾਜਪਾ ਉਮੀਦਵਾਰ ਡਾ. ਅਭੈ ਸਿੰਘ ਯਾਦਵ ਦਾ ਨਾਂ ਲਏ ਬਿਨਾਂ ਕਿਹਾ ਕਿ ਇਲਾਕੇ ਦੀਆਂ ਜ਼ਿਆਦਾਤਰ ਸੀਟਾਂ ਜਿੱਤ ਗਏ। ਇਕ ਸੀਟ ਹਾਰ ਵੀ ਗਏ ਤਾਂ ਕੋਈ ਗੱਲ ਨਹੀਂ, ਪਰ ਅਹਿਸਾਨ ਫਰਾਮੋਸ਼ ਜਨਤਾ ਜਵਾਬ ਦਿੰਦੀ ਹੈ।

ਚੋਣਾਂ ਤੋਂ ਪਹਿਲਾਂ ਸੀ. ਐੱਮ. ਦਾ ਦਾਅਵਾ ਠੋਕ ਚੁੱਕੇ

ਲੋਕ ਸਭਾ ਚੋਣਾਂ ਤੋਂ ਬਾਅਦ ਰਾਓ ਇੰਦਰਜੀਤ ਸਿੰਘ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸੀ. ਐੱਮ. ਅਹੁਦੇ ’ਤੇ ਦਾਅਵਾ ਕੀਤਾ। ਉਨ੍ਹਾਂ ਕਿਹਾ ਸੀ ਕਿ ਸਾਨੂੰ ਹਰਿਆਣਾ ਚੋਣਾਂ ਦੀ ਤਿਆਰੀ ਕਰਨੀ ਹੈ। ਅਸੀਂ ਉਸ ਨੂੰ ਮਨਾਉਣਾ ਹੈ ਜੋ ਸਾਡੇ ਨਾਲ ਰੁੱਸੇ ਹੋਏ ਹਨ। ਦੱਖਣੀ ਹਰਿਆਣਾ ਰਾਹੀਂ ਹੀ ਸੱਤਾ ਵਿਚ ਆਉਣਾ ਹੈ। ਸਾਨੂੰ ਇਕਜੁੱਟ ਅਤੇ ਮਜ਼ਬੂਤ ​​ਰਹਿਣਾ ਹੈ। ਸੰਭਵ ਹੈ ਕਿ ਹਰਿਆਣਾ ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ।


author

Rakesh

Content Editor

Related News