ਕੀ ਮੋਦੀ ਇੰਦਰਾ ਗਾਂਧੀ ਦੇ ਪ੍ਰਸ਼ੰਸਕ ਹਨ?
Wednesday, Oct 04, 2023 - 02:09 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ ਚੋਣ ਰੈਲੀਆਂ ਦੌਰਾਨ ਸਗੋਂ ਜਿਥੇ ਵੀ ਮੌਕਾ ਮਿਲਿਆ, ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰਾਂ ’ਤੇ ਨਿਸ਼ਾਨਾ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ ਪਰ ਉਨ੍ਹਾਂ ਕਦੇ ਵੀ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਇਕ ਸ਼ਬਦ ਨਹੀਂ ਕਿਹਾ ਸੀ। ਹਾਲਾਂਕਿ 1975 ਵਿਚ ਐਮਰਜੈਂਸੀ ਲਾਏ ਜਾਣ ਦਾ ਜ਼ਿਕਰ ਹਮੇਸ਼ਾ ਹੁੰਦਾ ਰਿਹਾ ਪਰ ਉਨ੍ਹਾਂ ਕਦੇ ਇੰਦਰਾ ਦਾ ਨਾਂ ਨਹੀਂ ਲਿਆ। ਇੰਦਰਾ ਗਾਂਧੀ ਪ੍ਰਤੀ ਮੋਦੀ ਦੇ ਸਨਮਾਨ ਦਾ ਇਕ ਸਬੂਤ ਉਦੋਂ ਸਾਹਮਣੇ ਆਇਆ ਜਦੋਂ ਉਨ੍ਹਾਂ ਪੁਰਾਣੀ ਲੋਕ ਸਭਾ ਵਿਚ 18 ਸਤੰਬਰ ਨੂੰ ਆਪਣਾ ਆਖਰੀ ਭਾਸ਼ਣ ਦਿੰਦੇ ਹੋਏ ਇਕ ਵਾਰ ਨਹੀਂ ਸਗੋਂ 2 ਵਾਰ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਮਾਰਚ, 1983 ਵਿਚ ਨਵੀਂ ਦਿੱਲੀ ਵਿਚ ਆਯੋਜਿਤ ਐੱਨ. ਏ. ਐੱਮ. ਸਿਖਰ ਸੰਮੇਲਨ ਦੀ ਸਫਲਤਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਮੋਦੀ ਨੇ ਕਿਹਾ ਕਿ ਜਦੋਂ ਐੱਨ. ਏ. ਐੱਮ. ਸਿਖਰ ਸੰਮੇਲਨ ਹੋਇਆ ਸੀ ਤਾਂ ਇਸ ਸਦਨ ਨੇ ਸਰਵਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਸੀ ਅਤੇ ਦੇਸ਼ ਨੇ ਇਸ ਯਤਨ ਦੀ ਸ਼ਲਾਘਾ ਕੀਤੀ ਸੀ। ਅੱਜ ਤੁਸੀਂ ਵੀ ਇਕ ਸੁਰ ਨਾਲ ਜੀ-20 ਦੀ ਸਫਲਤਾ ਦੀ ਸ਼ਲਾਘਾ ਕੀਤੀ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਦੇਸ਼ ਦਾ ਮਾਣ ਵਧਾਇਆ ਹੈ। ਜਿਵੇਂ ਕਿ ਇਹ ਕਾਫੀ ਨਹੀਂ ਸੀ, ਮੋਦੀ ਨੇ ਫਿਰ ਇੰਦਰਾ ਗਾਂਧੀ ਦੀ ਪ੍ਰਸ਼ੰਸਾ ਕੀਤੀ ਜਦੋਂ ਉਨ੍ਹਾਂ ਕਿਹਾ, ‘‘ਇਸੇ ਸਦਨ ਨੇ ਬੰਗਲਾਦੇਸ਼ ਮੁਕਤੀ ਯੁੱਧ ਦੀ ਹਮਾਇਤ ਕਰਨ ਅਤੇ ਇੰਦਰਾ ਗਾਂਧੀ ਦੀ ਅਗਵਾਈ ਹੇਠ ਆਪਣੀ ਹਮਾਇਤ ਦੇਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸਿਆਸੀ ਵਿਸ਼ਲੇਸ਼ਕਾਂ ਨੂੰ ਹਮੇਸ਼ਾ ਹੈਰਾਨੀ ਹੁੰਦੀ ਸੀ ਕਿ ਮੋਦੀ ਇੰਦਰਾ ਗਾਂਧੀ ’ਤੇ ਨਰਮ ਕਿਉਂ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਇੰਦਰਾ ਗਾਂਧੀ ਦੀ ਕਿਤਾਬ ਤੋਂ ਕੁਝ ਸਿੱਖਦੇ ਹਨ। 2019 ਵਿਚ ਬਾਲਾਕੋਟ ਵਿਚ ਪੀ. ਓ. ਕੇ. ਦੇ ਅੰਦਰ ਜਾ ਕੇ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰਨ ਵਰਗੇ ਉਨ੍ਹਾਂ ਦੇ ਕੁਝ ਸਾਹਸੀ ਫੈਸਲੇ ਇੰਦਰਾ ਗਾਂਧੀ ਵਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਮੁਤਾਬਕ ਹਨ। ਜੇਕਰ ਇੰਦਰਾ ਗਾਂਧੀ ਕੋਲ ਆਰ. ਐੱਨ. ਕਾਓ ਦੇ ਰੂਪ ਵਿਚ ਦੇਸ਼ ਦਾ ਪਹਿਲਾ ਸੁਪਰ ਕਾਪ ਸੀ, ਜਿਨ੍ਹਾਂ ਰਾਅ ਦੀ ਸਥਾਪਨਾ ਕੀਤੀ ਸੀ ਤਾਂ ਮੋਦੀ ਕੋਲ ਕੌਮੀ ਸੁਰੱਖਿਆ ਸਲਾਹਕਾਰ ਦੇ ਰੂਪ ਵਿਚ ਅਜੀਤ ਡੋਭਾਲ ਦੇ ਰੂਪ ਵਿਚ ਓਨਾ ਹੀ ਸਖਤ ਪੁਲਸ ਵਾਲਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਆਪ੍ਰੇਸ਼ਨਾਂ ਵਿਚ ਰਾਅ ਦੀ ਸਰਗਰਮ ਭੂਮਿਕਾ ਦੇ ਪਿੱਛੇ ਡੋਭਾਲ ਦਾ ਹੱਥ ਹੈ।