ਤੇਜਸ ਟ੍ਰੇਨ ਦੀ ਹੋਸਟੇਸ ਨਾਲ ਛੇੜਛਾੜ ''ਤੇ IRCTC ਨੇ ਜਾਰੀ ਕੀਤੀ ਐਡਵਾਇਜ਼ਰੀ
Saturday, Oct 26, 2019 - 04:56 PM (IST)
ਨਵੀਂ ਦਿੱਲੀ — ਰੇਲਵੇ ਦੀ ਸਹਾਇਕ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਦੇਸ਼ ਦੀ ਪਹਿਲੀ ਨਿੱਜੀ ਤੇਜਸ ਐਕਸਪ੍ਰੈਸ ਦੇ ਰੇਲ ਯਾਤਰੀਆਂ ਨੂੰ ਰੇਲ ਹੋਸਟਸ ਨਾਲ ਸੱਭਿਅਕ ਤਰੀਕੇ ਨਾਲ ਪੇਸ਼ ਆਉਣ ਦੀ ਐਡਵਾਇਜ਼ਰੀ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਦਿੱਲੀ-ਲਖਨਊ ਵਿਚਕਾਰ ਚੱਲਣ ਵਾਲੀ ਤੇਜਸ ਐਕਸਪ੍ਰੈਸ ਵਿਚ ਵਿਸ਼ਵ ਪੱਧਰੀ ਸਹੂਲਤਾਂ ਵਾਲੇ ਹਵਾਈ ਜਹਾਜ਼ਾਂ ਦੀ ਤਰਜ਼ 'ਤੇ ਯਾਤਰੀਆਂ ਦੀ ਸੇਵਾ ਲਈ ਟ੍ਰੇਨ ਹੋਸਟੇਸ ਹਨ। ਅਜਿਹੀ ਸਥਿਤੀ 'ਚ ਕੁਝ ਯਾਤਰੀਆਂ ਨੇ ਹੋਸਟੇਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਘਟਨਾਵਾਂ 'ਤੇ IRCTC ਦੇ ਬੁਲਾਰੇ ਨੇ ਕਿਹਾ ਕਿ ਜਿਸ ਸਮੇਂ ਤੋਂ ਅਸੀਂ ਰੇਲ ਗੱਡੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਹਨ, ਉਸ ਸਮੇਂ ਤੋਂ ਕੁਝ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਯਾਤਰੀਆਂ ਨੇ ਕਥਿਤ ਤੌਰ 'ਤੇ ਹੋਸਟੇਸ ਨੂੰ ਰੋਕ ਕੇ ਉਨ੍ਹਾਂ ਦੇ ਫੋਨ ਨੰਬਰ ਮੰਗੇ ਜਾਣ ਜਾਂ ਫਿਰ ਸੈਲਫੀ ਲੈਣ ਲਈ ਮਜ਼ਬੂਰ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸਦੇ ਬਾਅਦ ਤੋਂ ਰੇਲ ਗੱਡੀਆਂ ਵਿਚ ਘੋਸ਼ਣਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਯਾਤਰੀ ਸਟਾਫ ਨੂੰ ਪ੍ਰੇਸ਼ਾਨ ਨਾ ਕਰ ਸਕਣ।
ਇਸ ਦੇ ਲਈ IRCTC ਨੇ ਤੇਜਸ ਰੇਲ ਦੀ ਘੋਸ਼ਣਾ ਪ੍ਰਣਾਲੀ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਹੁਣ ਰੇਲ ਗੱਡੀ ਵਿਚ ਯਾਤਰਾ ਦੇ ਦੌਰਾਨ ਹੋਸਟੇਸ ਨਾਲ ਸੱਭਿਅ ਤਰੀਕੇ ਨਾਲ ਪੇਸ਼ ਆਉਣ ਲਈ ਵਾਰ-ਵਾਰ ਘੋਸ਼ਣਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਤੇਜਸ ਟ੍ਰੇਨ 'ਚ ਆਈਆਰਸੀਟੀਸੀ ਦੇ ਅਧਿਕਾਰੀ ਤੇਜਸ ਟਰੇਨ ਦੀ ਹੋਸਟੇਸ ਤੋਂ ਯਾਤਰੀਆਂ ਦੇ ਵਿਵਹਾਰ 'ਤੇ ਫੀਡਬੈਕ ਵੀ ਲੈਣਗੇ। ਇਸੇ ਅਧਾਰ 'ਤੇ ਸ਼ਰਾਰਤੀ ਯਾਤਰੀਆਂ ਨਾਲ ਨਜਿੱਠਣ ਲਈ ਨਿਯਮਾਂ ਦਾ ਪ੍ਰਬੰਧਨ ਕੀਤਾ ਜਾਵੇਗਾ।