ਨਿਵੇਸ਼ ਦਾ ਕੇਂਦਰ ਬਣੇਗਾ UP : ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਸਿੰਗਾਪੁਰ ਤੇ ਜਾਪਾਨ ''ਚ ਰੋਡ ਸ਼ੋਅ ਕਰਨਗੇ CM ਯੋਗੀ
Monday, Nov 10, 2025 - 01:28 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਨੂੰ 1 ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਾਉਣ ਦੇ ਮਿਸ਼ਨ ਵੱਲ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹੁਣ ਸਿੰਗਾਪੁਰ ਅਤੇ ਜਾਪਾਨ 'ਚ ਨਿਵੇਸ਼ਕ ਰੋਡ ਸ਼ੋਅ ਕਰਨ ਦੀ ਤਿਆਰੀ 'ਚ ਹਨ। ਇਹ ਦੌਰਾ ਸੂਬਾ ਸਰਕਾਰ ਦੀ ਅੰਤਰਰਾਸ਼ਟਰੀ ਨਿਵੇਸ਼ ਯੋਜਨਾ ਦਾ ਮਹੱਤਵਪੂਰਨ ਹਿੱਸਾ ਹੈ, ਜਿਸ ਦਾ ਮਕਸਦ ਉੱਤਰ ਪ੍ਰਦੇਸ਼ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਸਭ ਤੋਂ ਮਨਪਸੰਦ ਸਥਾਨਾਂ 'ਚ ਸ਼ਾਮਲ ਕਰਨਾ ਹੈ।
ਸਿੰਗਾਪੁਰ ਤੇ ਜਾਪਾਨ 'ਚ ਹੋਣਗੇ ਨਿਵੇਸ਼ਕ ਮਿਲਣੇ
ਸਰਕਾਰੀ ਸਰੋਤਾਂ ਅਨੁਸਾਰ, ਯੋਗੀ ਪਹਿਲਾਂ ਸਿੰਗਾਪੁਰ ਅਤੇ ਫਿਰ ਜਾਪਾਨ ਜਾਣਗੇ। ਦੋਵੇਂ ਦੇਸ਼ਾਂ 'ਚ ਉਹ ਉੱਚ ਪੱਧਰੀ ਉਦਯੋਗਿਕ ਗਰੁੱਪਾਂ, ਨਿਵੇਸ਼ਕਾਂ ਅਤੇ ਬਿਜ਼ਨੈੱਸ ਸੰਗਠਨਾਂ ਨਾਲ ਮਿਲਣਗੇ ਅਤੇ ਉੱਤਰ ਪ੍ਰਦੇਸ਼ 'ਚ ਨਿਵੇਸ਼ ਦੀਆਂ ਸੰਭਾਵਨਾਵਾਂ ’ਤੇ ਚਰਚਾ ਕਰਨਗੇ। ਇਸ ਦੌਰੇ ਨੂੰ ਸਫ਼ਲ ਬਣਾਉਣ ਲਈ ‘ਇਨਵੇਸਟ ਯੂਪੀ’ (Invest UP) ਵੱਲੋਂ ਵਿਸਤ੍ਰਿਤ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ।
ਪਹਿਲਾਂ ਹੀ ਭੇਜਿਆ ਜਾਵੇਗਾ ਪੰਜ ਮੈਂਬਰੀ ਦਲ
ਮੁੱਖ ਮੰਤਰੀ ਦੀ ਯਾਤਰਾ ਤੋਂ ਪਹਿਲਾਂ ਪੰਜ ਮੈਂਬਰੀ ਪ੍ਰਤੀਨਿਧੀ ਮੰਡਲ ਸਿੰਗਾਪੁਰ ਅਤੇ ਜਾਪਾਨ ਭੇਜਿਆ ਜਾਵੇਗਾ, ਜੋ ਸੰਭਾਵਿਤ ਨਿਵੇਸ਼ਕਾਂ, ਬਿਜ਼ਨੈੱਸ ਹਾਊਸਾਂ ਅਤੇ ਚੈਂਬਰਜ਼ ਆਫ਼ ਕਾਮਰਸ ਨਾਲ ਸ਼ੁਰੂਆਤੀ ਗੱਲਬਾਤ ਕਰੇਗਾ। ਇਹ ਟੀਮ ਦੋ ਦਿਨ ਸਿੰਗਾਪੁਰ ਅਤੇ ਤਿੰਨ ਦਿਨ ਟੋਕੀਓ 'ਚ ਰਹੇਗੀ ਅਤੇ ਆਪਣੀ ਰਿਪੋਰਟ ਸਰਕਾਰ ਨੂੰ ਦੇਵੇਗੀ, ਜਿਸ ਦੇ ਆਧਾਰ ’ਤੇ ਯੋਗੀ ਦੇ ਦੌਰੇ ਦਾ ਅੰਤਿਮ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। ਇਸ ਮਿਸ਼ਨ ਦੀ ਸਫਲਤਾ ਦੀ ਜ਼ਿੰਮੇਵਾਰੀ ਇਨਵੇਸਟ ਯੂਪੀ ਦੇ ਅਤਿਰਿਕਤ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ਾਂਕ ਚੌਧਰੀ ਨੂੰ ਦਿੱਤੀ ਗਈ ਹੈ।
ਉੱਚ ਪੱਧਰੀ ਡੈਲੀਗੇਸ਼ਨ ਨਾਲ ਹੋਵੇਗਾ ਯੋਗੀ ਦਾ ਦੌਰਾ
ਮੁੱਖ ਮੰਤਰੀ ਦੇ ਨਾਲ ਸੀਨੀਅਰ ਮੰਤਰੀ ਵੀ ਸ਼ਾਮਲ ਹੋਣਗੇ। ਉਦਯੋਗਿਕ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ ‘ਨੰਦੀ’ ਨੇ ਕਿਹਾ ਕਿ ਸਰਕਾਰ ਵਿਦੇਸ਼ੀ ਨਿਵੇਸ਼ ਪ੍ਰੋਤਸਾਹਨ ਲਈ ਗਲੋਬਲ ਭਾਈਚਾਰੇ ਨਾਲ ਸਾਂਝਾਂ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ,“ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਨੂੰ ਵਿਸ਼ਵ ਪੱਧਰ ’ਤੇ ਇਕ ਪ੍ਰਮੁੱਖ ਨਿਵੇਸ਼ ਗੰਤਵ ਵਜੋਂ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ।”
ਹੋਰ ਦੇਸ਼ਾਂ 'ਚ ਵੀ ਹੋਣਗੇ ਰੋਡ ਸ਼ੋਅ
ਅਧਿਕਾਰੀਆਂ ਦੇ ਅਨੁਸਾਰ, ਸੂਬਾ ਸਰਕਾਰ ਤਾਇਵਾਨ, ਜਰਮਨੀ, ਫਰਾਂਸ, ਰੂਸ ਅਤੇ ਯੂਏਈ ਸਮੇਤ ਕਈ ਹੋਰ ਦੇਸ਼ਾਂ 'ਚ ਵੀ ਰੋਡ ਸ਼ੋਅ ਕਰਨ ਦੀ ਯੋਜਨਾ ਬਣਾ ਰਹੀ ਹੈ। ਇਨਵੇਸਟ ਯੂਪੀ ਨੇ ਹਰ ਦੇਸ਼ ਲਈ ਇਕ ਸਮਰਪਿਤ ਫੋਰਿਨ ਡੈਸਕ ਬਣਾਈ ਹੈ, ਤਾਂ ਜੋ ਨਿਵੇਸ਼ ਨਾਲ ਜੁੜੀਆਂ ਗਤੀਵਿਧੀਆਂ ਦਾ ਸਹੀ ਤਾਲਮੇਲ ਹੋ ਸਕੇ।
ਸਰਕਾਰ ਦਾ ਫੋਕਸ ਖਾਸ ਖੇਤਰਾਂ ’ਤੇ
ਉੱਤਰ ਪ੍ਰਦੇਸ਼ ਸਰਕਾਰ ਦਾ ਧਿਆਨ ਖਾਸ ਤੌਰ ’ਤੇ ਹੇਠਾਂ ਦਿੱਤੇ ਖੇਤਰਾਂ 'ਚ ਵਿਦੇਸ਼ੀ ਨਿਵੇਸ਼ ਖਿੱਚਣ ’ਤੇ ਹੈ — ਸੈਮੀਕੰਡਕਟਰ, ਟੈਕਸਟਾਈਲ, ਆਰਟੀਫ਼ਿਸ਼ਲ ਇੰਟੈਲੀਜੈਂਸ, ਰੱਖਿਆ ਉਦਯੋਗ, ਆਟੋਮੋਬਾਈਲ, ਇਲੈਕਟ੍ਰਿਕ ਵਾਹਨ, ਟੂਰਿਜ਼ਮ, ਕੈਮੀਕਲ, ਏਵੀਏਸ਼ਨ, ਇਲੈਕਟ੍ਰਾਨਿਕਸ, ਫਾਰਮਾ, ਤਕਨਾਲੋਜੀ, ਰੀਨਿਊਏਬਲ ਐਨਰਜੀ, ਮਸ਼ੀਨਰੀ, ਗੈਸ ਅਤੇ ਸ਼ਿਪਬਿਲਡਿੰਗ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
