17 ਮਾਰਚ ਤੱਕ ਇੰਟਨੈੱਟ ਸੇਵਾਵਾਂ ਬੰਦ
Saturday, Mar 15, 2025 - 05:15 PM (IST)

ਪੱਛਮੀ ਬੰਗਾਲ- ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਦੋ ਸਮੂਹਾਂ 'ਚ ਝੜਪ ਦੇ ਸਿਲਸਿਲੇ ਵਿਚ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਝੜਪ ਸ਼ੁੱਕਰਵਾਰ ਸ਼ਾਮ ਸੈਂਥੀਆਂ ਪੁਲਸ ਥਾਣਾ ਖੇਤਰ ਵਿਚ ਵਾਪਰੀ। ਇਕ ਹੁਕਮ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਭੜਕਾਉਣ ਤੋਂ ਰੋਕਣ ਲਈ ਸੂਬਾ ਸਰਕਾਰ ਨੇ ਸੈਂਥੀਆ ਸ਼ਹਿਰ ਅਤੇ ਸੈਂਥੀਆ ਪੁਲਸ ਥਾਣਾ ਖੇਤਰ ਦੇ 5 ਹੋਰ ਨੇੜਲੇ ਪੰਚਾਇਤੀ ਖੇਤਰਾਂ ਵਿਚ 17 ਮਾਰਚ ਤੱਕ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਅਫਵਾਹਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕੰਟਰੋਲ 'ਚ ਕੀਤਾ। ਉਨ੍ਹਾਂ ਨੇ ਕਿਹਾ ਕਿ ਉਦੋਂ ਤੋਂ ਖੇਤਰ 'ਚ ਸਥਿਤੀ ਸ਼ਾਂਤੀਪੂਰਨ ਹੈ। ਉਨ੍ਹਾਂ ਨੇ ਦੱਸਿਆ ਕਿ ਹਿੰਸਾ ਵਿਚ ਦੋਹਾਂ ਸਮੂਹਾਂ ਦੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਬਣਾ ਕੇ ਰੱਖਣ ਲਈ ਖੇਤਰ 'ਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਸੈਂਥੀਆ ਵਿਚ ਦੋ ਸਮੂਹਾਂ ਵਿਚਾਲੇ ਵਿਵਾਦ ਦੇ ਚੱਲਦੇ ਹਿੰਸਾ ਭੜਕ ਗਈ ਸੀ, ਜਿਸ ਵਿਚ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ।