ਕੌਮਾਂਤਰੀ ਕੁੱਲੂ ਦੁਸਹਿਰਾ ਉਤਸਵ ਸ਼ੁਰੂ, ਸੈਂਕੜੇ ਦੇਵੀ-ਦੇਵਤਿਆਂ ਨੇ ਭਰੀ ਹਾਜ਼ਰੀ
Saturday, Oct 16, 2021 - 03:19 PM (IST)
ਸ਼ਿਮਲਾ- ਕੌਮਾਂਤਰੀ ਕੁੱਲੂ ਦੁਸਹਿਰਾ ਉਤਸਵ ਸ਼ੁਰੂ ਹੋਣ ਤੋਂ ਪਹਿਲਾਂ ਭਗਵਾਨ ਰਘੁਨਾਥ ਦੇ ਸੁਲਤਾਨਪੁਰ ਸਥਿਤ ਮੰਦਰ ’ਚ ਦੇਵੀ-ਦੇਵਤਿਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਹਫ਼ਤੇ ਭਰ ਚੱਲਣ ਵਾਲਾ ਇਹ ਉਤਸਵ ਸ਼ੁੱਕਰਵਾਰ ਨੂੰ ਢਾਲਪੁਰ ਮੈਦਾਨ ’ਚ ਰਸਮੀ ਰੂਪ ਨਾਲ ਸ਼ੁਰੂ ਹੋਇਆ। ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਭਗਵਾਨ ਸ਼੍ਰੀ ਰਘੁਨਾਥ ਜੀ ਦੀ ਰਥ ਯਾਤਰਾ ’ਚ ਹਿੱਸਾ ਲੈ ਕੇ ਉਤਸਵ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਸੰਦੀਪ ਸ਼ਰਮਾ ਵੀ ਹਾਜ਼ਰ ਸਨ। ਰਾਜਪਾਲ ਨੇ ਦੁਸਹਿਰੇ ਦੇ ਸ਼ੁੱਭ ਮੌਕੇ ਪ੍ਰਦੇਸ਼ਵਾਸੀਆਂ, ਵਿਸ਼ੇਸ਼ ਕਰ ਕੇ ਘਾਟੀ ਦੇ ਲੋਕਾਂ ਨੂੰ ਵਧਾਈ ਦਿੱਤੀ। ਇਹ ਉਤਸਵ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸੰਸਕ੍ਰਿਤੀ ਅਨੋਖੀ ਹੈ ਅਤੇ ਇਸ ਦੀ ਇਕ ਵੱਖਰੀ ਪਛਾਣ ਹੈ। ਉਨ੍ਹਾਂ ਕਿਹਾ ਕਿ ਇੱਥੇ ਸਾਲ ਭਰ ਮਨਾਏ ਜਾਣ ਵਾਲੇ ਮੇਲੇ ਅਤੇ ਤਿਉਹਾਰ ਲੋਕਾਂ ਦੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਨੂੰ ਦਰਸਾਉਂਦੇ ਹਨ।
ਮਾਤਾ ਹਿਡਿੰਬਾ ਰਘੁਨਾਥ ਦੇ ਦਰਬਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਭਰ ਤੋਂ ਆਉਣ ਵਾਲੇ ਦੇਵੀ-ਦੇਵਤੇ ਵੀ ਰਘੁਨਾਥ ਦੇ ਦਰਬਾਰ ’ਚ ਵਾਰੀ-ਵਾਰੀ ਹਾਜ਼ਰੀ ਭਰ ਰਹੇ ਹਨ। ਇੱਥੇ ਆਪਣੀ ਹਾਜ਼ਰੀ ਦੇਣ ਤੋਂ ਬਾਅਦ ਦੇਵੀ-ਦੇਵਤੇ ਢਾਲਪੁਰ ਵਾਪਸ ਪਰਤਣਗੇ ਅਤੇ ਉਸ ਤੋਂ ਬਾਅਦ ਕਰੀਬ 3 ਵਜੇ ਭਗਵਾਨ ਰਘੁਨਾਥ ਆਪਣੀ ਪਾਲਕੀ ’ਚ ਸਵਾਰ ਹੋ ਕੇ ਢੋਲਪੁਰ ਸਥਿਤ ਰਥ ਮੈਦਾਨ ਪਹੁੰਚਣਗੇ। ਕੁੱਲੂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ 332 ਦੇਵਤਿਆਂ ਨੂੰ ਸੱਦਾ ਦਿੱਤਾ ਗਿਆਸ ਸੀ ਅਤੇ 170 ਇਸ ਉਤਸਵ ’ਤੇ ਹਿੱਸਾ ਲੈ ਰਹੇ ਹਨ। ਇੱਥੋਂ ਰਥ ’ਚ ਸਵਾਰ ਹੋ ਕੇ ਆਪਣੇ ਅਸਥਾਈ ਕੈਂਪ ਤੱਕ ਰਥ ਯਾਤਰ ਨਾਲ ਪਹੁੰਚਣਗੇ, ਜਿੱਥੇ 7 ਦਿਨਾਂ ਤੱਕ ਅਸਥਾਈ ਕੈਂਪ ’ਚ ਰਹਿਣਗੇ।